ਵਾਸ਼ਿੰਗਟਨ, 2 ਮਾਰਚ
ਬਾਇਡਨ ਪ੍ਰਸ਼ਾਸਨ ਨੇ ਇਸ਼ਾਰਾ ਕੀਤਾ ਹੈ ਕਿ ਉਹ ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਨਵੇਂ ਐੱਚ-1ਬੀ ਵੀਜ਼ੇ ਜਾਰੀ ਕਰਨ ’ਤੇ ਲਾਈ ਪਾਬੰਦੀ ਖ਼ਤਮ ਕਰਨ ਨੂੰ ਲੈ ਕੇ ਦੁਚਿੱਤੀ ’ਚ ਹੈ। ਅੰਦਰੂਨੀ ਸੁਰੱਖਿਆ ਬਾਰੇ ਸਕੱਤਰ ਐਲੇਜਾਂਦਰੋ ਮੇਅਰਕਾਸ ਨੇ ਕਿਹਾ ਕਿ ਨਵੀਂ ਅਮਰੀਕੀ ਸਰਕਾਰ ਦੀ ਸਿਖਰਲੀ ਤਰਜੀਹ ਤੰਗੀਆਂ ਤੁਰਸ਼ੀਆਂ ਦੇ ਮਾਰੇ ਲੋਕਾਂ ਦੀਆਂ ਲੋੜਾਂ ਹਨ ਤੇ ਬਾਇਡਨ ਸਰਕਾਰ ਨੇ ਹਾਲ ਦੀ ਘੜੀ ਐੱਚ-1ਬੀ ਵੀਜ਼ੇ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ।
ਵ੍ਹਾਈਟ ਹਾਊਸ ਵਿੱਚ ਨਿਊਜ਼ ਕਾਨਫਰੰਸ ਦੌਰਾਨ ਟਰੰਪ ਦੇ ਕਾਰਜਕਾਲ ’ਚ ਲੱਗੀ ਵੀਜ਼ਾ ਪਾਬੰਦੀ ’ਤੇ ਨਜ਼ਰਸਾਨੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੇਅਰਕਾਸ ਨੇ ਕਿਹਾ, ‘ਮੈਨੂੰ ਸੱਚੀਂ ਨਹੀਂ ਪਤਾ…..ਮੈਨੂੰ ਇਸ ਸਵਾਲ ਦੇ ਜਵਾਬ ਬਾਰੇ ਨਹੀਂ ਪਤਾ। ਸਾਡੇ ਕੋਲ ਬਹੁਤ ਸਾਰਾ ਕੰਮ ਪਿਆ ਹੈ। ਕੁਝ ਚੀਜ਼ਾਂ ਨੂੰ ਠੀਕ ਕਰਨਾ ਹੈ, ਕੁਝ ਨੂੰ ਬਹਾਲ ਕਰਨਾ ਹੈ ਤੇ ਕੁਝ ਦਾ ਨਿਰਮਾਣ ਕਰਨਾ ਹੈ। ਸਾਡੇ ਕੋਲ ਇਸ ਵੇਲੇ ਕਈ ਤਰਜੀਹਾਂ ਹਨ ਤੇ ਉਨ੍ਹਾਂ ’ਚੋਂ ਸਿਖਰਲੀ ਤਰਜੀਹ ਤੰਗੀਆਂ ਤੁਰਸ਼ੀਆਂ ਨਾਲ ਜੂਝ ਰਹੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ।’ ਚੇਤੇ ਰਹੇ ਕਿ ਐੱਚ-1ਬੀ ਵੀਜ਼ਾ ਭਾਰਤੀ ਆਈਟੀ ਪੇਸ਼ੇਵਰਾਂ ’ਚ ਕਾਫ਼ੀ ਮਕਬੂਲ ਹੈ ਤੇ ਇਸ ਗੈਰ-ਪਰਵਾਸੀ ਵੀਜ਼ੇ ਤਹਿਤ ਅਮਰੀਕੀ ਕੰਪਨੀਆਂ ਵਿਦੇਸ਼ੀ ਕਾਮਿਆਂ ਨੂੰ ਨੌਕਰੀਆਂ ਦਿੰਦੀਆਂ ਹਨ, ਜਿਨ੍ਹਾਂ ’ਚ ਵਿਚਾਰਾਤਮਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਪੈਂਦੀ ਹੈ। ਅਮਰੀਕੀ ਤਕਨਾਲੋਜੀ ਕੰਪਨੀਆਂ ਹਰ ਸਾਲ ਭਾਰਤ ਤੇ ਚੀਨ ਜਿਹੇ ਮੁਲਕਾਂ ਨਾਲ ਸਬੰਧਤ ਹਜ਼ਾਰਾਂ ਕਾਮਿਆਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕਰਦੀਆਂ ਹਨ। ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਨੇ ਇਸ ਸਾਲ ਜਨਵਰੀ ’ਚ ਅਹੁਦੇ ਤੋਂ ਲਾਂਭੇ ਹੋਣ ਤੋਂ ਪਹਿਲਾਂ ਨਵੇਂ ਐੱਚ-1ਬੀ ਵੀਜ਼ੇ ਜਾਰੀ ਕਰਨ ’ਤੇ 31 ਮਾਰਚ ਤੱਕ ਰੋਕ ਲਾ ਦਿੱਤੀ ਸੀ। ਟਰੰਪ ਨੇ ਉਦੋਂ ਆਪਣੇ ਇਸ ਫੈਸਲੇ ਲਈ ਉੱਚ ਬੇਰੁਜ਼ਗਾਰੀ ਦਰ ਦਾ ਤਰਕ ਦਿੰਦਿਆਂ ਕਿਹਾ ਸੀ ਕਿ ਮੁਲਕ ਵਿਦੇਸ਼ੀ ਕਾਮਿਆਂ ਨੂੰ ਹੋਰ ਨਹੀਂ ਝੱਲ ਸਕਦਾ। -ਪੀਟੀਆਈ
ਮੰਜੂ ਵਰਗੀਜ਼ ਰਾਸ਼ਟਰਪਤੀ ਦੀ ਡਿਪਟੀ ਅਸਿਸਟੈਂਟ ਨਿਯੁਕਤ
ਵਾਸ਼ਿੰਗਟਨ: ਭਾਰਤੀ ਅਮਰੀਕੀ ਮੰਜੂ ਵਰਗੀਜ਼ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਡਿਪਟੀ ਅਸਿਸਟੈਂਟ ਤੇ ਵ੍ਹਾਈਟ ਹਾਊਸ ਮਿਲਟਰੀ ਦਫ਼ਤਰ (ਡਬਲਿਊਐੱਮਓ) ਦੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਵਰਗੀਜ਼, ਜੋ ਕਿ ਵਕੀਲ ਹੈ, 2020 ’ਚ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਬਾਇਡਨ ਕੰਪੇਨ ਮੁੱਖ ਅਪਰੇਟਿੰਗ ਅਧਿਕਾਰੀ ਅਤੇ ਬਾਅਦ ਵਿੱਚ ਉਦਘਾਟਨੀ ’ਚ ਕਾਰਜਕਾਰੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਚੁੱਕੀ ਹੈ। ਮੰਜੂ ਵਰਗੀਜ਼ ਨੇ ਇੱਕ ਟਵੀਟ ’ਚ ਵ੍ਹਾਈਟ ਹਾਊਸ ਅਰਾਈਵਲ ਲਾਊਂਜ ਵੱਲੋਂ ਉਸ ਦੀ ਨਿਯੁਕਤੀ ਸਬੰਧੀ ਕੀਤੇ ਐਲਾਨ ਦੀ ਤਸਵੀਰ ਪੋਸਟ ਕੀਤੀ। -ਪੀਟੀਆਈ