ਇਸਲਾਮਾਬਾਦ, 25 ਅਕਤੂਬਰ
ਨੈਰੋਬੀ ਪੁਲੀਸ ਵੱਲੋਂ ਮਾਰੇ ਗਏ ਪਾਕਿਸਤਾਨੀ ਪੱਤਰਕਾਰ ਦੀ ਲਾਸ਼ ਅੱਜ ਮੁਲਕ ਲਿਆਂਦੀ ਗਈ। ਉਹ ਕੀਨੀਆ ਵਿੱਚ ਛੁਪ ਕੇ ਰਹਿ ਰਿਹਾ ਸੀ। ਇਸ ਕਤਲ ਨੇ ਪਾਕਿਸਤਾਨ ਦੇ ਪੱਤਰਕਾਰ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਐਤਵਾਰ ਰਾਤ ਨੂੰ ਜਦੋਂ ਅਰਸ਼ਦ ਆਪਣੀ ਕਾਰ ਵਿੱਚ ਕੀਨੀਆ ਦੀ ਰਾਜਧਾਨੀ ਦੇ ਬਾਹਰਵਾਰ ਲੱਗੇ ਨਾਕੇ ਕੋਲੋਂ ਲੰਘਿਆ ਤਾਂ ਪੁਲੀਸ ਨੇ ਉਸ ’ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਧਰ, ਨੈਰੋਬੀ ਪੁਲੀਸ ਨੇ ਇਸ ਘਟਨਾ ’ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਇਹ ਗਲਤ ਪਛਾਣ ਕਾਰਨ ਹੋਇਆ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਕਾਰ ਦੀ ਤਲਾਸ਼ ਸੀ ਜੋ ਇਕ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਲੋੜੀਂਦੀ ਸੀ। ਜਦੋਂ ਉਨ੍ਹਾਂ ਦੀ ਕਾਰ ਜਿਸ ਵਿੱਚ ਸ਼ਰੀਫ ਦੇ ਨਾਲ ਇਕ ਹੋਰ ਪਾਕਿਸਤਾਨੀ ਖੁਰੱਮ ਅਹਿਮਦ ਨਾਂ ਦਾ ਵਿਅਕਤੀ ਬੈਠਾ ਸੀ, ਨੇ ਪੁਲੀਸ ਵੱਲੋਂ ਰੁਕਣ ਦਾ ਇਸ਼ਾਰਾ ਦਿੱਤੇ ਜਾਣ ਬਾਅਦ ਕਾਰ ਨਹੀਂ ਰੋਕੀ ਤਾਂ ਪੁਲੀਸ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਸਿਰ ਵਿੱਚ ਗੋਲੀ ਲੱਗਣ ਕਾਰਨ ਸ਼ਰੀਫ ਦੀ ਮੌਤ ਹੋ ਗਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕੱਲ੍ਹ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨਾਲ ਘਟਨਾ ਬਾਰੇ ਗੱਲਬਾਤ ਕੀਤੀ ਸੀ। ਅਰਸ਼ਦ ਸ਼ਰੀਫ਼ ਖਿਲਾਫ਼ ਇਕ ਨਾਗਰਿਕ ਨੇ ਮੁਲਕ ਦੀਆਂ ਸਰਕਾਰੀ ਸੰਸਥਾਵਾਂ ਦਾ ਅਕਸ਼ ਖਰਾਬ ਕਰਨ ਦਾ ਦੋਸ਼ ਲਾਇਆ ਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਉਹ ਜੁਲਾਈ ਵਿੱਚ ਮੁਲਕ ਛੱਡ ਕੇ ਚਲਾ ਗਿਆ ਹੈ। -ਏਪੀ