ਟੋਰਾਂਟੋ, 14 ਦਸੰਬਰ
ਕੈਨੇਡਾ ਦੀ ਭਾਰਤੀ ਮੂਲ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਤੇ ਸਿਖਰਲੇ ਫੌਜੀ ਕਮਾਂਡਰਾਂ ਨੇ ਜਿਨਸੀ ਹਮਲੇ, ਜਿਨਸੀ ਸ਼ੋਸ਼ਣ ਤੇ ਪੱਖਪਾਤ ਦਾ ਸੰਤਾਪ ਝੱਲਣ ਵਾਲੇ ਕੈਨੇਡੀਅਨ ਹਥਿਆਰਬੰਦ ਬਲਾਂ ਤੋਂ ਮੁਆਫ਼ੀ ਮੰਗੀ ਹੈ। ਕੈਨੇਡਿਆਈ ਰੱਖਿਆ ਮੰਤਰਾਲੇ ਤੋਂ ਇਸ ਮੁਆਫ਼ੀਨਾਮੇ ਦੀ ਲੰਮੇ ਸਮੇਂ ਤੋਂ ਉਡੀਕ ਸੀ। ਦੱਸਣਾ ਬਣਦਾ ਹੈ ਕਿ ਅਕਤੂਬਰ ਵਿੱਚ ਆਨੰਦ ਦੀ ਨਵੇਂ ਰੱਖਿਆ ਮੰਤਰੀ ਵਜੋਂ ਨਿਯੁਕਤੀ ਮਗਰੋਂ ਕੈੈਨੇਡੀਅਨ ਫੌਜ ਨੂੰ ਆਪਣੇ ਸਭਿਆਚਾਰ ਵਿੱਚ ਬਦਲਾਅ ਲਈ ਲੋਕਾਂ ਦੇ ਨਾਲ ਨਾਲ ਸਿਆਸੀ ਸਫ਼ਾਂ ਤੋਂ ਵੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹੀ ਨਹੀਂ ਜਿਨਸੀ ਦੁਰਾਚਾਰ ਦੇ ਦੋੋਸ਼ਾਂ ਨਾਲ ਨਜਿੱਠਣ ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਬਿਹਤਰ ਪ੍ਰਬੰਧ ਵਿਕਸਤ ਕੀਤੇ ਜਾਣ ਦੀ ਮੰਗ ਵੀ ਕੀਤੀ ਜਾ ਰਹੀ ਸੀ। ਰੱਖਿਆ ਮੰਤਰੀ ਆਨੰਦ ਨੇ ਆਪਣੀ ਤਕਰੀਰ ਦੀ ਸ਼ੁਰੂਆਤ ’ਚ ਕਿਹਾ, ‘‘ਸਾਡੇ ਕੈਨੇਡੀਅਨ ਹਥਿਆਰਬੰਦ ਬਲਾਂ ਨੇ ਹਮੇਸ਼ਾ ਆਪਣੇ ਤੋਂ ਪਹਿਲਾਂ ਦੇਸ਼ ਨੂੰ ਰੱਖਿਆ ਹੈ। ਫੌਜ ਨੂੰ ਕੈਨੇਡੀਅਨ ਲੋਕਾਂ ਦਾ ਥਾਪੜਾ ਹਮੇਸ਼ਾ ਮਿਲਦਾ ਰਹੇਗਾ। ਉਨ੍ਹਾਂ ਕਿਹਾ, ‘‘ਕੋਮੀ ਰੱਖਿਆ ਮੰਤਰੀ ਹੋਣ ਦੇ ਨਾਤੇ ਮੈਂ ਕੈਨੇਡਾ ਸਰਕਾਰ ਵੱੱਲੋਂ ਮੁਆਫ਼ੀ ਮੰਗਦੀ ਹਾਂ।’’ ਆਨੰਦ ਨੇ ਕਿਹਾ ਕਿ ਉਹ ਚੁਣੇ ਹੋਏ ਨੁਮਾਇੰਦਿਆਂ ਵੱਲੋਂ, ਜੋ ਬੀਤੇ ਵਿੱਚ ਜਿਨਸੀ ਹਮਲੇ, ਜਿਨਸੀ ਵਧੀਕੀਆਂ ਤੇ ਪੱਖਪਾਤ ਦੀਆਂ ਘਟਨਾਵਾਂ ਨੂੰ ਲੈ ਕੇ ਕੋਈ ਕਾਰਵਾਈ ਕਰਨ ਵਿੱਚ ਨਾਕਾਮ ਰਹੇ, ਲਈ ਮੁਆਫ਼ੀ ਮੰਗਦੀ ਹੈ। ਮੈਂ ਹਜ਼ਾਰਾਂ ਕੈਨੇਡੀਅਨਾਂ, ਜਿਨ੍ਹਾਂ ਨੂੰ ਨੁਕਸਾਨ ਪੁੱਜਾ, ਤੋਂ ਵੀ ਮੁਆਫ਼ੀ ਮੰਗਦੀ ਹਾਂ ਕਿਉਂਕਿ ਤੁਹਾਡੀ ਸਰਕਾਰ ਤੁਹਾਨੂੰ ਬਚਾਅ ਨਹੀਂ ਸਕੀ, ਤੇ ਨਾ ਹੀ ਨਿਆਂ ਤੇ ਜਵਾਬਦੇਹੀ ਨਿਰਧਾਰਿਤ ਕਰਨ ਲਈ ਕੋਈ ਸਹੀ ਪ੍ਰਬੰਧ ਯਕੀਨੀ ਬਣਾ ਸਕੀ।’’ ਜੌਰਜੀਆ ਸਟਰੇਟ ਅਖ਼ਬਾਰ ਨੇ ਆਪਣੀ ਇਕ ਰਿਪੋਰਟ ਵਿੱਚ ਕਿਹਾ ਕਿ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਤੇ ਇਤਿਹਾਸ ਲਿਖਣ ਵਾਲੀ ਇਹ ਮੁਆਫ਼ੀ ਰੱਖਿਆ ਮੰਤਰੀ ਅਨੀਤਾ ਆਨੰਦ, ਚੀਫ਼ ਆਫ਼ ਸਟਾਫ ਜਨਰਲ ਵੇਨ ਆਇਰ ਤੇ ਉਪ ਰੱਖਿਆ ਮੰਤਰੀ ਜੋਡੀ ਥੋਮਸ ਵੱਲੋਂ ਮੰਗੀ ਗਈ ਹੈ। -ਪੀਟੀਆਈ