ਫਰੈਂਕਫਰਟ: ਯੂਰਪ ਦੇ ਸਭ ਤੋਂ ਵੱਡੇ ਅਰਥਚਾਰੇ ’ਤੇ ਮੰਦੀ ਦੇ ਬੱਦਲ ਮੰਡਰਾਉਣ ਲੱਗੇ ਹਨ। ਜਰਮਨੀ ਦੇ ਪ੍ਰਮੁੱਖ ਸੰਕੇਤਕ ਆਈਐੱਫਓ ਸਰਵੇਖਣ ਮੁਤਾਬਕ ਅਸਮਾਨੀ ਪੁੱਜੀ ਮਹਿੰਗਾਈ ਕਰਕੇ ਲਗਾਤਾਰ ਚੌਥੇ ਮਹੀਨੇ ਖਪਤਕਾਰਾਂ ਦੀ ਖਰੀਦ ਸ਼ਕਤੀ ਤੇ ਕਾਰੋਬਾਰਾਂ ’ਤੇ ਵੱਡਾ ਅਸਰ ਪਿਆ ਹੈ। ਮਹਿੰਗਾਈ ਵਧਣ ਦਾ ਮੁੱਖ ਕਾਰਨ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੈ। ਮਿਊਨਿਖ ਆਧਾਰਿਤ ਆਈਐੱਫਓ ਇੰਸਟੀਚਿਊਟ ਵੱਲੋਂ ਤਿਆਰ ਸਰਵੇਖਣ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਗਸਤ ਮਹੀਨੇ ਜਿਹੜਾ ਸੂਚਕ ਅੰਕ 88.5 ਫੀਸਦ ਸੀ, ਉਹ ਸਤੰਬਰ ਮਹੀਨੇ ਘੱਟ ਕੇ 84.3 ਰਹਿ ਗਿਆ। ਇਕ ਦਹਾਕਾ ਪਹਿਲਾਂ ਦਰਪੇਸ਼ ਆਲਮੀ ਵਿੱਤੀ ਸੰਕਟ ਮਗਰੋਂ ਇਹ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ। ਆਈਐੱਨਜੀ ਬੈਂਕ ਵਿੱਚ ਯੂਰੋਜ਼ੋਨ ਦੇ ਮੁੱਖ ਅਰਥਸ਼ਾਸਤਰੀ ਕਾਰਸਟਲ ਬ੍ਰਜ਼ੈਸਕੀ ਨੇ ਕਿਹਾ, ‘‘ਸਿਖਰਲੀ ਊਰਜਾ ਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਮੰਗ ’ਤੇ ਆਧਾਰਿਤ ਹਨ ਤੇ ਇਸ ਕਰਕੇ ਮੁਨਾਫ਼ੇ ਦੀ ਗੁੰਜਾਇਸ਼ ’ਤੇ ਦਬਾਅ ਵਧਿਆ ਹੈ।’’ -ਏਪੀ