ਬਰਮਿੰਘਮ, 9 ਅਗਸਤ
ਭੰਗੜੇ ਤੇ ‘ਅਪਾਚੇ ਇੰਡੀਅਨ’ ਦੇ ਪ੍ਰਦਰਸ਼ਨ ਨੇ ਇਥੋਂ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਚਾਰ ਚੰਨ ਲਾ ਦਿੱਤੇ। ਇਸ ਦੇ ਨਾਲ ਹੀ ਖਿਡਾਰੀਆਂ ਨੇ ਚਾਰ ਸਾਲਾਂ ਬਾਅਦ ਆਸਟਰੇਲੀਆ ਦੇ ਵਿਕਟੋਰੀਆ ਸ਼ਹਿਰ ਵਿੱਚ ਮਿਲਣ ਦੇ ਵਾਅਦੇ ਨਾਲ ਬਰਮਿੰਘਮ ਖੇਡਾਂ ਨੂੰ ਅਲਵਿਦਾ ਕਿਹਾ। ਇੱਥੇ 11 ਦਿਨ ਤੱਕ ਚੱਲੀਆਂ ਖੇਡਾਂ ਵਿੱਚ 72 ਦੇਸ਼ਾਂ ਦੇ 4500 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਭਾਰਤ ਨੇ ਕੁੱਲ 61 ਤਗ਼ਮੇ ਜਿੱਤੇ। ਹਾਲਾਂਕਿ, ਭਾਰਤ ਨੂੰ ਚਾਰ ਸਾਲ ਪਹਿਲਾਂ ਗੋਲਡ ਕੋਸਟ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਤੋਂ ਪੰਜ ਤਗ਼ਮੇ ਘੱਟ ਮਿਲੇ ਹਨ। ਰਵਾਇਤ ਮੁਤਾਬਕ ਰਾਸ਼ਟਰਮੰਡਲ ਖੇਡ ਫੈੱਡਰੇਸ਼ਨ ਦਾ ਝੰਡਾ ਉਤਾਰ ਕੇ ਆਸਟਰੇਲੀਆ ਦੇ ਵਿਕਟੋਰੀਆ ਸੂਬੇ ਨੂੰ ਸੌਂਪਿਆ ਗਿਆ, ਜੋ 2026 ਵਿੱਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ। ਪ੍ਰਿੰਸ ਐਡਵਰਡ ਨੇ ਬਰਮਿੰਘਮ-2022 ਖੇਡਾਂ ਦੀ ਸਮਾਪਤੀ ਦਾ ਐਲਾਨ ਕੀਤਾ। ਇਸ ਐਲਾਨ ਦੇ ਨਾਲ ਹੀ ਬਰਮਿੰਘਮ ਵਿੱਚ ਆਸਮਾਨ ਆਤਿਸ਼ਬਾਜ਼ੀ ਨਾਲ ਚਮਕ ਉੱਠਿਆ। ਸਮਾਰੋਹ ਮੌਕੇ ਖਿੱਚ ਦਾ ਕੇਂਦਰ ਭੰਗੜਾ ਅਤੇ ਭਾਰਤੀ ਮੂਲ ਦੇ ਗਾਇਕ ਸਟੀਵਨ ਕਪੂਰ ਰਹੇ, ਜੋ ‘ਅਪਾਚੇ ਇੰਡੀਅਨ’ ਦੇ ਨਾਮ ਨਾਲ ਮਸ਼ਹੂਰ ਹਨ। ‘ਅਪਾਚੇ ਇੰਡੀਅਨ’ ਦੇ ਪ੍ਰਦਰਸ਼ਨ ਮਗਰੋਂ ਮਾਡਲ ਨੀਲਮ ਗਿੱਲ ਨੇ ਪੇਸ਼ਕਾਰੀ ਦਿੱਤੀ। ਸਟਾਰ ਮਹਿਲਾ ਮੁੱਕੇਬਾਜ਼ ਨਿਖ਼ਤ ਜ਼ਰੀਨ ਅਤੇ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਭਾਰਤੀ ਦਲ ਦੀ ਅਗਵਾਈ ਕੀਤੀ, ਪਰ ਭਾਰਤੀ ਖਿਡਾਰੀਆਂ ਦੀ ਗਿਣਤੀ ਬਹੁਤ ਘੱਟ ਰਹੀ। ਭਾਰਤੀ ਦਲ ਦੇ ਸਟੇਡੀਅਮ ਵਿੱਚ ਪਹੁੰਚਣ ਦੇ ਨਾਲ ਹੀ ਸੰਗੀਤ ਸਮੂਹ ਪੰਜਾਬੀ ਐੱਮਸੀ ਨੇ ‘ਮੁੰਡਿਆਂ ਤੋਂ ਬਚ ਕੇ’ ਵਜਾਉਣਾ ਸ਼ੁਰੂ ਕਰ ਦਿੱਤਾ, ਜਿਸ ’ਤੇ ਖਿਡਾਰੀ ਵੀ ਨੱਚਣ ਲੱਗੇ।
ਭਾਰਤ ਨੇ 22 ਸੋਨ ਤਗ਼ਮਿਆਂ ਸਣੇ ਜਿੱਤੇ 61 ਤਗ਼ਮੇ
ਬਰਮਿੰਘਮ: ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ 22 ਸੋਨ ਤਗ਼ਮਿਆਂ ਸਣੇ ਕੁੱਲ 61 ਤਗ਼ਮੇ ਜਿੱਤ ਕੇ ਆਪਣਾ ਪੰਜਵਾਂ ਸਰਬੋਤਮ ਪ੍ਰਦਰਸ਼ਨ ਕੀਤਾ ਹੈ, ਜਦਕਿ ਮੇਜ਼ਬਾਨ ਇੰਗਲੈਂਡ ਤਗ਼ਮਿਆਂ ਦਾ ਆਪਣਾ ਰਿਕਾਰਡ ਬਣਾਉਣ ਵਿੱਚ ਸਫਲ ਰਿਹਾ। ਨਿਸ਼ਾਨੇਬਾਜ਼ੀ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਭਾਰਤ 61 ਤਗ਼ਮੇ ਜਿੱਤਣ ਵਿੱਚ ਸਫਲ ਰਿਹਾ। ਉਸ ਨੇ 22 ਸੋਨੇ, 16 ਚਾਂਦੀ ਅਤੇ 23 ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਆਸਟਰੇਲੀਆ, ਇੰਗਲੈਂਡ ਅਤੇ ਕੈਨੇਡਾ ਮਗਰੋਂ ਭਾਰਤ ਤਗ਼ਮਾ ਸੂਚੀ ਵਿੱਚ ਚੌਥੇ ਸਥਾਨ ’ਤੇ ਰਿਹਾ। ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ 2010 ਵਿੱਚ ਨਵੀਂ ਦਿੱਲੀ ਵਿੱਚ ਰਿਹਾ ਸੀ, ਜਦੋਂਕਿ ਉਸ ਨੇ 38 ਸੋਨ ਤਗ਼ਮਿਆਂ ਸਮੇਤ ਕੁੱਲ 101 ਤਗ਼ਮੇ ਜਿੱਤੇ ਸਨ। ਉਹ ਤਗ਼ਮਾ ਸੂਚੀ ਵਿੱਚ ਦੂਜੇ ਸਥਾਨ ’ਤੇ ਰਿਹਾ ਸੀ। -ਪੀਟੀਆਈ
ਸਟੇਡੀਅਮ ਵਿੱਚ ਗੂੰਜਿਆ ਸਿੱਧੂ ਮੂਸੇਵਾਲਾ ਦਾ ਗੀਤ ‘295’
ਚੰਡੀਗੜ੍ਹ: ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਜਿੱਥੇ ਭੰਗੜਾ ਅਤੇ ‘ਅਪਾਚੇ ਇੰਡੀਅਨ’ ਖਿੱਚ ਦਾ ਕੇਂਦਰ ਰਹੇ, ਉਥੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ‘295’ ਵੀ ਗੂੰਜਿਆ। ਬਰਮਿੰਘਮ ਤੋਂ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਸਿੱਧੂ ਮੂਸੇਵਾਲਾ ਦੇ ਇਸ ਗੀਤ ਦੀ ਵੀਡੀਓ ਟਵੀਟ ਕੀਤੀ ਹੈ। ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਨੇੜੇ ਜਵਾਹਰਕੇ ਪਿੰਡ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਟਵਿੱਟਰ ’ਤੇ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਵੱਲੋਂ ਸਾਂਝੀ ਕੀਤੀ ਵੀਡੀਓ ’ਤੇ ਟਿੱਪਣੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਇੱਕ ਵਰਤੋਂਕਾਰ ਨੇ ਲਿਖਿਆ, ‘‘ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਦਾ ਤਰੀਕਾ ਬਹੁਤ ਵਧੀਆ ਲੱਗਿਆ। ‘295’ ਗੀਤ ਸਿੱਧੂ ਮੂਸੇਵਾਲਾ ਦੀ ਬਹੁਤ ਵੱਡੀ ਪ੍ਰਾਪਤੀ ਹੈ।… ਇਸ ਨੂੰ ਨਾ ਭੁੱਲਣਾ।’’ ਇੱਕ ਹੋਰ ਵਰਤੋਂਕਾਰ ਨੇ ਕਿਹਾ ਕਿ ਇਸ ਗੀਤ ਨੇ ਸਿੱਧੂ ਮੂਸੇਵਾਲਾ ਨੂੰ ਅਮਰ ਬਣਾ ਦਿੱਤਾ ਹੈ। ਉਨ੍ਹਾਂ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਵੀ ਕੀਤੀ। ਇੱਕ ਹੋਰ ਵਰਤੋਂਕਾਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਆਲਮੀ ਮੰਚ ’ਤੇ ਵੇਖ ਕੇ ਬਹੁਤ ਖੁ਼ਸ਼ੀ ਹੋਈ।