ਹਿਊਸਟਨ, 29 ਜੂਨ
ਅਮਰੀਕਾ-ਮੈਕਸਿਕੋ ਸਰਹੱਦ ਨਜ਼ਦੀਕ ਟੈਕਸਸ ਦੇ ਸਾਂ ਅੰਤੋਨੀਓ ਸ਼ਹਿਰ ਵਿੱਚ ਲਾਵਾਰਸ ਛੱਡੇ ਟਰਾਲੇ ਵਿੱਚ ਗਰਮੀ ਤੇ ਹੁੰਮਸ ਕਰਕੇ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 51 ਹੋ ਗਈ ਹੈ। ਅੱਜ ਇਕ ਹੋਰ ਵਿਅਕਤੀ ਨੇ ਦਮ ਤੋੜ ਦਿੱਤਾ। ਪੁਲੀਸ ਨੇ ਟਰਾਲੇ ਦੇ ਡਰਾਈਵਰ ਨੂੰ ਨੇੜਲੇ ਖੇਤਾਂ ’ਚੋਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮੰਗਲਵਾਰ ਨੂੰ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਇਹ ਘਟਨਾ ਮਨੁੱਖੀ ਤਸਕਰਾਂ ਦਾ ਕਾਰਾ ਜਾਪਦੀ ਹੈ।
ਸਿਨਹੂਆ ਖ਼ਬਰ ਏਜੰਸੀ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਸੋਮਵਾਰ ਨੂੰ ਸ਼ਹਿਰ ਦੇ ਦੱਖਣੀ ਹਿੱਸੇ ਦੇ ਬਾਹਰਵਾਰ ਦੂਰ-ਦੁਰਾਡੇ ਇਲਾਕੇ ਰੇਲਵੇ ਟਰੈਕ ਦੇ ਨਾਲ ਲਾਵਾਰਸ ਖੜ੍ਹੇ ਟਰਾਲੇ ’ਚੋਂ ਘੱਟੋ-ਘੱਟ 46 ਅਣਪਛਾਤੇ ਪਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਸਨ। ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਕੁਝ ਜਿਊਂਦੇ ਸਨ, ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਸੀ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਘੱਟੋ-ਘੱਟ 16 ਵਿਅਕਤੀਆਂ, ਜਿਨ੍ਹਾਂ ਵਿੱਚ ਚਾਰ ਬੱਚੇ ਵੀ ਸ਼ਾਮਲ ਹਨ, ਨੂੰ ਗਰਮੀ ਤੇ ਪਾਣੀ ਦੀ ਕਮੀ ਕਰਕੇ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਵਿੱਚ ਪੰਜ ਬੱਚੇ ਵੀ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਵਿਚੋਂ 27 ਮੈਕਸਿਕੋ, ਤਿੰਨ ਗੁਆਟੇਮਾਲਾ ਤੇ ਚਾਰ ਹੌਂਡੂਰਸ ਤੋਂ ਹਨ। ਨੇੜਲੇ ਖੇਤਾਂ ’ਚੋਂ ਕਾਬੂ ਕੀਤਾ ਟਰਾਲਾ/ਟਰੱਕ ਡਰਾਈਵਰ ਅਮਰੀਕੀ ਨਾਗਰਿਕ ਦੱਸਿਆ ਜਾਂਦਾ ਹੈ ਤੇ ਉਹ ਇਸ ਵੇੇਲੇ ਪੁਲੀਸ ਦੀ ਹਿਰਾਸਤ ਵਿੱਚ ਹੈ। -ਆਈਏਐੱਨਐੱਸ