ਕਾਬੁਲ, 3 ਜੁਲਾਈ
ਫਰੋਜ਼ਨ ਅਹਿਮਦਜ਼ਈ ਉਨ੍ਹਾਂ ਦੋ ਲੱਖ ਅਫ਼ਗਾਨ ਔਰਤਾਂ ਵਿੱਚੋਂ ਇੱਕ ਹੈ ਜਿਸਨੂੰ ਤਾਲਿਬਾਨ ਤੋਂ ਕੰਮ ਕਰਨ ਦੀ ਪ੍ਰਵਾਨਗੀ ਮਿਲੀ ਹੈ। ਡਾਕਟਰ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੂੰ ਇਸ ਸਾਲ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨੀ ਚਾਹੀਦੀ ਸੀ, ਪਰ ਤਾਲਿਬਾਨ ਨੇ ਔਰਤਾਂ ਦੀ ਉਚੇਰੀ ਸਿੱਖਿਆ ’ਤੇ ਪਾਬੰਦੀ ਲਾ ਕੇ ਉਨ੍ਹਾਂ ਲਈ ਨੌਕਰੀਆਂ ਦੇ ਰਾਹ ਬੰਦ ਕਰ ਦਿੱਤੇ। ਅਹਿਮਦਜ਼ਈ ਹੁਣ ਮਰੀਜ਼ਾਂ ਦੇ ਟਾਂਕੇ ਲਾਉਣ ਦੀ ਥਾਂ ਕਾਬੁਲ ਦੀ ਇੱਕ ਬੇਸਮੈਂਟ ਵਿੱਚ ਸਿਲਾਈ-ਕਢਾਈ ਦਾ ਕੰਮ ਕਰਦੀ ਹੈ ਅਤੇ ਦਵਾਈ ਦੇਣ ਦੀ ਬਜਾਏ ਅਚਾਰ ਬਣਾ ਰਹੀ ਹੈ। ਅਫ਼ਗਾਨਿਸਤਾਨ ਦੀ ਅੱਧੀ ਆਬਾਦੀ ਅਜਿਹੇ ਸਮੇਂ ਕੰਮ ਕਰਨ ਦੀ ਆਜ਼ਾਦੀ ਤੋਂ ਵਾਂਝੀ ਕਰ ਦਿੱਤੀ ਗਈ ਹੈ ਜਦੋਂ ਦੇਸ਼ ਦੀ ਅਰਥਵਿਵਸਥਾ ਪਹਿਲਾਂ ਨਾਲੋਂ ਬਦਤਰ ਹੋ ਗਈ ਹੈ। ਔਰਤਾਂ ਵਾਸਤੇ ਨੌਕਰੀਆਂ ਦੇ ਮੌਕੇ ਸਿਲਾਈ-ਕਢਾਈ ਅਤੇ ਖਾਣਾ ਬਣਾਉਣਾ ਤੱਕ ਸੀਮਤ ਕਰ ਦਿੱਤੇ ਗਏ ਹਨ। 33 ਸਾਲਾ ਅਹਿਮਦਜ਼ਈ ਹੁਣ ਉਨ੍ਹਾਂ ਔਰਤਾਂ ਨਾਲ ਕੰਮ ਕਰ ਰਹੀ ਹੈ ਜੋ ਕਦੇ ਅਧਿਆਪਕ ਸਨ ਜਾਂ ਅਧਿਆਪਕ ਬਣਨਾ ਚਾਹੁੰਦੀਆਂ ਸਨ। ਅਫ਼ਗਾਨਿਸਤਾਨ ਵਿੱਚ 2021 ਵਿੱਚ 14.8 ਫੀਸਦੀ ਔਰਤਾਂ ਨੌਕਰੀਪੇਸ਼ਾ ਸਨ। ਤਾਲਿਬਾਨ ਵੱਲੋਂ ਸੱਤਾ ’ਤੇ ਕਾਬਜ਼ ਹੋਣ ਮਗਰੋਂ ਔਰਤਾਂ ਤੇ ਲੜਕੀਆਂ ’ਤੇ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਗਈਆਂ। ਵਿਸ਼ਵ ਬੈਂਕ ਦੇ ਅੰਕੜਿਆਂ ਅਨੁਸਾਰ, 2023 ਵਿੱਚ ਨੌਕਰੀਪੇਸ਼ਾ ਔਰਤਾਂ ਦੀ ਗਿਣਤੀ ਘਟ ਕੇ 4.8 ਫੀਸਦੀ ਰਹਿ ਗਈ ਹੈ। ਅਫ਼ਗਾਨ ਔਰਤਾਂ ਦੀ ਹਕੀਕਤ ਬਿਆਨਦਿਆਂ ਅਹਿਮਦਜ਼ਈ ਨੇ ਕਿਹਾ, ‘‘ਅਸੀਂ ਸਿਰਫ਼ ਬਚਣ ਦਾ ਰਾਹ ਲੱਭ ਰਹੀਆਂ ਹਾਂ।” ਬੇਸਮੈਂਟ ਵਿੱਚ ਕੰਮ ਕਰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘‘ਇਹ ਘਰ ਵਿੱਚ ਕੈਦ ਰਹਿਣ ਨਾਲੋਂ ਘੱਟੋ-ਘੱਟ ਇੱਕ ਕਦਮ ਅੱਗੇ ਹੈ।’’ ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਮਿਹਨਤ ਜ਼ਿਆਦਾ ਅਤੇ ਮੁਨਾਫ਼ਾ ਘੱਟ ਹੈ। ਉਨ੍ਹਾਂ ਕਿਹਾ ਕਿ ਕਿਰਾਇਆ ਅਤੇ ਹੋਰ ਖ਼ਰਚੇ ਕਾਫ਼ੀ ਜ਼ਿਆਦਾ ਹਨ। ਸਿਲਾਈ ਮਸ਼ੀਨਾਂ ਪੁਰਾਣੇ ਜ਼ਮਾਨੇ ਦੀਆਂ ਹਨ। ਬਿਜਲੀ ਸਪਲਾਈ ਅਸਥਿਰ ਹੈ। ਉਨ੍ਹਾਂ ਨੂੰ ਆਪਣੇ ਕਾਰੋਬਾਰ ਵਧਾਉਣ ਲਈ ਬੈਂਕਾਂ ਜਾਂ ਸਥਾਨਕ ਅਧਿਕਾਰੀਆਂ ਤੋਂ ਕੋਈ ਮਦਦ ਨਹੀਂ ਮਿਲਦੀ। -ਏਪੀ