ਵਾਸ਼ਿੰਗਟਨ, 3 ਨਵੰਬਰ
ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਨਤੀਜਾ ਭਾਵੇਂ ਕੁਝ ਵੀ ਰਹੇ, ਭਾਰਤ-ਅਮਰੀਕਾ ਦੇ ਰਿਸ਼ਤੇ ਤੇ ਰਣਨੀਤਕ ਭਾਈਵਾਲੀ ਪਹਿਲਾਂ ਵਾਲੀ ਰਫ਼ਤਾਰ ਉਤੇ ਹੀ ਅੱਗੇ ਵਧਦੀ ਰਹੇਗੀ। ਦੋਵਾਂ ਮੁੱਖ ਉਮੀਦਵਾਰਾਂ ਦੀਆਂ ਚੋਣ ਮੁਹਿੰਮਾਂ ਦੀ ਨੀਤੀ ਨਾਲ ਜੁੜੇ ਦਸਤਾਵੇਜ਼ ਤੇ ਇਨ੍ਹਾਂ ਵਿਚਲੀਆਂ ਟਿੱਪਣੀਆਂ ਸਪੱਸ਼ਟ ਕਰਦੀਆਂ ਹਨ ਕਿ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਕਾਰਜਕਾਲ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇੜਲੇ ਮਿੱਤਰ ਵਜੋਂ ਉੱਭਰੇ ਤੇ ਰਿਸ਼ਤਿਆਂ ਨੂੰ ਨਵੀਂ ਉਚਾਈ ’ਤੇ ਲੈ ਗਏ। ਦੋਵਾਂ ਆਗੂਆਂ ਨੇ ਭਾਰਤ ਤੇ ਅਮਰੀਕਾ ਵਿਚ ਇਕ ਸਾਲ ਤੋਂ ਵੀ ਘੱਟ ਸਮੇਂ ’ਚ ਦੋ ਸਾਂਝੀਆਂ ਰੈਲੀਆਂ ਨੂੰ ਸੰਬੋਧਨ ਕੀਤਾ। ਡੈਮੋਕਰੈਟ ਉਮੀਦਵਾਰ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਇਡਨ ਹਮੇਸ਼ਾ ਤੋਂ ਹੀ ਮਜ਼ਬੂਤ ਭਾਰਤੀ-ਅਮਰੀਕੀ ਰਿਸ਼ਤਿਆਂ ਦੇ ਹਾਮੀ ਰਹੇ ਹਨ। ਬਾਇਡਨ ਤਿੰਨ ਦਹਾਕੇ ਤੋਂ ਵੱਧ ਸਮਾਂ ਡੈਲਾਵੇਅਰ ਤੋਂ ਸੈਨੇਟਰ ਰਹੇ ਤੇ ਉਦੋਂ ਵੀ ਉਹ ਭਾਰਤ ਨਾਲ ਮਜ਼ਬੂਤ ਰਿਸ਼ਤਿਆਂ ਦੇ ਹੱਕ ਵਿਚ ਹੀ ਰਹੇ। ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ਵਿਚ ਵੀ ਬਾਇਡਨ ਦਾ ਯੋਗਦਾਨ ਅਹਿਮ ਰਿਹਾ ਸੀ। ਭਾਰਤੀ ਲੀਡਰਸ਼ਿਪ ਨਾਲ ਵੀ ਉਨ੍ਹਾਂ ਦੇ ਚੰਗੇ ਸਬੰਧ ਹਨ ਤੇ ਕਈ ਭਾਰਤੀ-ਅਮਰੀਕੀ ਉਨ੍ਹਾਂ ਦੇ ਨੇੜਲੇ ਘੇਰੇ ਵਿਚ ਹਨ।
-ਪੀਟੀਆਈ