ਮਿਲਵਾਕੀ, 15 ਜੁਲਾਈ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਅਗਾਮੀ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਦੀ ਦੌੜ ਵਿਚ ਸ਼ਾਮਲ ਡੋਨਲਡ ਟਰੰਪ ਨੇ ਸ਼ਨਿੱਚਰਵਾਰ ਨੂੰ ਪੈਨਸਿਲਵੇਨੀਆ ਵਿਚ ਚੋਣ ਰੈਲੀ ਦੌਰਾਨ ਆਪਣੇ ’ਤੇ ਹੋਏ ਜਾਨਲੇਵਾ ਹਮਲੇ ਤੋਂ ਇਕ ਦਿਨ ਮਗਰੋਂ ਇਸ ਘਟਨਾ ਨੂੰ ‘ਅਸਾਧਾਰਨ ਤਜਰਬਾ’ ਕਰਾਰ ਦਿੱਤਾ ਹੈ। ਹਮਲੇ ਤੋਂ ਬਾਅਦ ਨਿਊ ਯਾਰਕ ਪੋਸਟ ਨੂੰ ਦਿੱਤੇ ਆਪਣੇ ਪਲੇਠੇ ਇੰਟਰਵਿਊ ਵਿਚ 78 ਸਾਲਾ ਸਾਬਕਾ ਰਾਸ਼ਟਰਪਤੀ ਨੇ ਅਮਰੀਕੀ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹ ‘ਕਿਸਮਤ ਨਾਲ ਜਾਂ ਫਿਰ ਰੱਬ ਦੀ ਮਿਹਰ’ ਕਰਕੇ ਬਚੇ ਹਨ। ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਲਈ ਮਿਲਵਾਕੀ ਜਾਂਦਿਆਂ ਰਸਤੇ ਵਿਚ ਨਿਊ ਯਾਰਕ ਪੋਸਟ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ, ‘‘ਮੈਂ ਸ਼ਾਇਦ ਇਥੇ ਨਾ ਹੁੰਦਾ, ਸ਼ਾਇਦ ਮੇਰੀ ਮੌਤ ਹੋ ਗਈ ਹੁੰਦੀ।’’ ਟਰੰਪ ਨੇ ਕਿਹਾ, ‘‘ਗੋਲੀ ਮੇਰੇ ਸੱਜੇ ਕੰਨ ਦੇ ਉਪਰਲੇ ਹਿੱਸੇ ਨੂੰ ਛੂਹ ਕੇ ਲੰਘ ਗਈ। ਮੈਂ ਨਾ ਸਿਰਫ਼ ਆਪਣਾ ਸਿਰ ਘੁਮਾਇਆ ਬਲਕਿ ਸਹੀ ਸਮੇਂ ’ਤੇ ਘੁਮਾਇਆ।’’ ਉਨ੍ਹਾਂ ਇਸ ਪੂਰੀ ਘਟਨਾ ਨੂੰ ‘ਅਸਾਧਾਰਨ ਤਜਰਬਾ’ ਕਰਾਰ ਦਿੱਤਾ। ਇੰਟਰਵਿਊ ਦੌਰਾਨ ਟਰੰਪ ਨੇ ਆਪਣੇ ਸੱਜੇ ਕੰਨ ’ਤੇ ਸਫ਼ੇਦ ਰੰਗ ਦੀ ਬੈਂਡੇਜ ਲਾਈ ਹੋਈ ਸੀ, ਪਰ ਉਨ੍ਹਾਂ ਨਾਲ ਮੌਜੂਦ ਕਰਮੀਆਂ ਨੇ ਤਸਵੀਰ ਖਿੱਚਣ ਦੀ ਇਜਾਜ਼ਤ ਨਹੀਂ ਦਿੱਤੀ।
ਟਰੰਪ ਨੇ ਕਿਹਾ, ‘‘ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ, ਉਨ੍ਹਾਂ ਇਸ ਨੂੰ ਚਮਤਕਾਰ ਦੱਸਿਆ।’’ ਸਾਬਕਾ ਰਾਸ਼ਟਰਪਤੀ ਨੇ ਕਿਹਾ, ‘‘ਕਿਸਮਤ ਨਾਲ ਜਾਂ ਫਿਰ ਰੱਬ ਦੀ ਮਿਹਰ, ਕਈ ਲੋਕ ਕਹਿ ਰਹੇ ਹਨ ਕਿ ਰੱਬ ਦੀ ਮਿਹਰ ਕਰਕੇ ਮੈਂ ਅਜੇ ਵੀ ਇਥੇ ਹਾਂ।’’ ਟਰੰਪ ਨੇ ਕਿਹਾ ਕਿ ਕੰਨ ’ਤੇ ਗੋਲੀ ਲੱਗਣ ਦੇ ਬਾਵਜੂਦ ਉਹ ਰੈਲੀ ਵਿਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਨਾ ਚਾਹੁੰਦੇ ਹਨ, ਪਰ ਸੀਕਰੇਟ ਸਰਵਿਸ ਦੇ ਅਮਲੇ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਟਰੰਪ ਨੇ ਰਾਸ਼ਟਰਪਤੀ ਬਾਇਡਨ ਵੱਲੋਂ ਹਾਲ ਚਾਲ ਪੁੱਛਣ ਲਈ ਕੀਤੇ ਫੋਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। -ਪੀਟੀਆਈ