ਵਾਸ਼ਿੰਗਟਨ, 12 ਜੁਲਾਈ
ਨਾਸਾ ਦੇ ਨਵੇਂ ਪੁਲਾੜ ਟੈਲੀਸਕੋਪ ਵਿਚੋਂ ਦੇਖੇ ਗਏ ਦ੍ਰਿਸ਼ ਦੀ ਪਹਿਲੀ ਫੋਟੋ ਸਾਹਮਣੇ ਆਉਣ ਦੇ ਨਾਲ ਹੀ ਬ੍ਰਹਿਮੰਡ ਨੂੰ ਦੇਖਣ ਦਾ ਮਨੁੱਖੀ ਤਜਰਬਾ ਬਿਲਕੁਲ ਬਦਲ ਗਿਆ ਹੈ। ਟੈਲੀਸਕੋਪ ’ਚ ਦੇਖੇ ਦ੍ਰਿਸ਼ ਦੀ ਪਹਿਲੀ ਜਾਰੀ ਫੋਟੋ ਵਿਚ ਆਸਮਾਨ ਗਲੈਕਸੀਜ਼ (ਤਾਰਿਆਂ ਦੇ ਸਮੂਹ ਜਾਂ ਆਕਾਸ਼ ਗੰਗਾ) ਨਾਲ ਭਰਿਆ ਨਜ਼ਰ ਆਇਆ ਹੈ। ਬ੍ਰਹਿਮੰਡ ਦੀ ਐਨੀ ਡੂੰਘੀ ਤਸਵੀਰ ਅਜੇ ਤੱਕ ਨਹੀਂ ਦੇਖੀ ਗਈ ਹੈ। ਖਰਬਾਂ ਡਾਲਰ ਮੁੱਲ ਦੇ ਜੇਮਸ ਵੈੱਬ ਸਪੇਸ ਟੈਲੀਸਕੋਪ ਨੇ ਜਿਹੜਾ ਦ੍ਰਿਸ਼ ਕੈਦ ਕੀਤਾ ਹੈ ਉਹ ਮਨੁੱਖਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ। ਮਾਹਿਰਾਂ ਮੁਤਾਬਕ ਸਮੇਂ ਤੇ ਦੂਰੀ ਵਿਚ ਬ੍ਰਹਿਮੰਡ ਦਾ ਐਨਾ ਡੂੰਘਾ ਦ੍ਰਿਸ਼ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇਸ ਟੈਲੀਸਕੋਪ ਵੱਲੋਂ ਕੈਦ ਕੀਤੇ ਹੋਰ ਦ੍ਰਿਸ਼ ਵੀ ਫੋਟੋਆਂ ਦੇ ਰੂਪ ਵਿਚ ਰਿਲੀਜ਼ ਕੀਤੇ ਜਾਣਗੇ। ਵਾਈਟ ਹਾਊਸ ਵਿਚ ਰਿਲੀਜ਼ ਕੀਤੀ ਗਈ ‘ਡੀਪ ਫੀਲਡ’ ਫੋਟੋ ਵਿਚ ਅਣਗਿਣਤ ਤਾਰੇ ਤੇ ਪਿੱਛੇ ਆਕਾਸ਼ ਗੰਗਾ ਦੇ ਕਈ ਸਮੂਹ ਦੇਖੇ ਜਾ ਸਕਦੇ ਹਨ। ਇਸ ਫੋਟੋ ਦੇ ਇਕ ਹਿੱਸੇ ਵਿਚ ਜੋ ਪ੍ਰਕਾਸ਼ ਹੈ ਉਹ ‘ਬਿੱਗ ਬੈਂਗ’ ਵਾਪਰਨ ਦੇ ਨੇੜੇ-ਤੇੜੇ ਦਾ ਹੈ, ਇਹ ਵਰਤਾਰਾ (ਬਿੱਗ ਬੈਂਗ) 13.8 ਅਰਬ ਸਾਲ ਪਹਿਲਾਂ ਦਾ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਤਸਵੀਰ ਜਾਰੀ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਇਤਿਹਾਸ ਵਿਚ ਰਿਕਾਰਡ ਕੀਤੀ ਗਈ ਸਭ ਤੋਂ ਪੁਰਾਣੀ ਰੌਸ਼ਨੀ ਦੇ ਗਵਾਹ ਬਣ ਰਹੇ ਹਾਂ। ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਦੱਸਿਆ ਕਿ ਹੋਰਨਾਂ ਫੋਟੋਆਂ ਵਿਚ ਵੱਡੇ ਅਕਾਰ ਦਾ ਇਕ ਗੈਸ ਨਾਲ ਭਰਪੂਰ ਗ੍ਰਹਿ ਵੀ ਦਿਖੇਗਾ ਜੋ ਕਿ ਸਾਡੇ ਸੌਰ ਮੰਡਲ ਤੋਂ ਬਾਹਰ ਦਾ ਹੈ। ਇਨ੍ਹਾਂ ਵਿਚ ਉਹ ਥਾਵਾਂ ਵੀ ਹਨ ਜਿੱਥੇ ਤਾਰੇ ਜਨਮ ਲੈਂਦੇ ਹਨ ਤੇ ਮਰਦੇ ਹਨ। ਦੱਸਣਯੋਗ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਤੇ ਤਾਕਤਵਰ ਪੁਲਾੜ ਟੈਲੀਸਕੋਪ ਨੂੰ ਪਿਛਲੇ ਸਾਲ ਦਸੰਬਰ ਵਿਚ ਦੱਖਣੀ ਅਮਰੀਕਾ ਤੋਂ ਰਾਕੇਟ ਨਾਲ ਛੱਡਿਆ ਗਿਆ ਸੀ। ਆਪਣੇ ‘ਲੁਕਆਊਟ’ ਪੁਆਇੰਟ ’ਤੇ ਇਹ ਜਨਵਰੀ ਵਿਚ ਪੁੱਜਾ ਸੀ ਜੋ ਕਿ ਧਰਤੀ ਤੋਂ 10 ਲੱਖ ਮੀਲ ਦੂਰ ਹੈ। -ਏਪੀ