ਇਸਲਾਮਾਬਾਦ: ਅਗਸਤ ਦੇ ਮੱਧ ਵਿੱਚ ਅਫ਼ਗਾਨਿਤਸਾਨ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਸੋਮਵਾਰ ਨੂੰ ਪਾਕਿਸਤਾਨ ਤੋਂ ਪਹਿਲੀ ਕਮਰਸ਼ੀਅਲ ਉਡਾਣ ਕਾਬੁਲ ਲਈ ਰਵਾਨਾ ਹੋਈ। ਰੇਡੀਓ ਪਾਕਿਸਤਾਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਕੌਮਾਂਤਰੀ ਏਅਰਲਾਈਨ (ਪੀਆਈਏ) ਦੀ ਉਡਾਣ ਪੀਕੇ 6429, ਵਿਦੇਸ਼ੀ ਪੱਤਰਕਾਰਾਂ ਨੂੰ ਕਾਬੁਲ ਲੈ ਕੇ ਗਈ ਅਤੇ ਵਿਸ਼ਵ ਬੈਂਕ ਤੇ ਕੌਮਾਂਤਰੀ ਮੀਡੀਆ ਆਰਗੇਜਾਈਜੇਸ਼ਨ ਦੀ ਟੀਮ ਨਾਲ ਪਰਤੀ। ਪੀਆਈਏ ਦੇ ਮੁੱਖ ਕਾਰਜਕਾਰੀ ਅਫਸਰ ਏਅਰ ਮਾਰਸ਼ਲ ਅਰਸ਼ਦ ਮਲਿਕ ਨੇ ਦੱਸਿਆ ਕਿ ਉਡਾਣ ਦਾ ਉਦੇਸ਼ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਆਸ ਜ਼ਾਹਰ ਕੀਤੀ ਕਿ ਉਡਾਣਾਂ ਦਾ ਅਮਲ ਆਮ ਵਾਂਗ ਛੇਤੀ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਾਬੁਲ ਹਵਾਈ ਅੱਡੇ ’ਤੇ ਕੌਮਾਂਤਰੀ ਉਡਾਣਾਂ ਪੂਰੀ ਤਰ੍ਹਾਂ ਨਹੀਂ ਚੱਲ ਨਹੀਂ ਚੱਲ ਰਹੀਆਂ ਹਨ। -ਪੀਟੀਆਈ