ਨਿਊਯਾਰਕ, 20 ਨਵੰਬਰ
ਸੰਯੁਕਤ ਰਾਸ਼ਟਰ ’ਚ ਭਾਰਤ ਦੇ ਰਾਜਦੂਤ ਨੇ ਕਿਹਾ ਕਿ ਪਾਕਿਸਤਾਨ ਨਾਲ ਵਾਰਤਾ ’ਚ ਪਹਿਲਾ ਮੁੱਦਾ ਅਤਿਵਾਦ ਰੋਕਣਾ ਹੈ। ਉਨ੍ਹਾਂ ਕਿਹਾ ਕਿ ਭਾਰਤ ਲੰਮੇ ਸਮੇਂ ਤੋਂ ਸਰਹੱਦ ਪਾਰੋਂ ਜਾਰੀ ਅਤਿਵਾਦ ਤੇ ਆਲਮੀ ਅਤਿਵਾਦ ਦਾ ਸ਼ਿਕਾਰ ਰਿਹਾ ਹੈ ਅਤੇ ਅਤਿਵਾਦ ਪ੍ਰਤੀ ਉਸ ਦੀ ਜ਼ਰਾ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਰਹੀ ਹੈ।
ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਪਰਵਤਨੇਨੀ ਹਰੀਸ਼ ਨੇ ਗੱਲਬਾਤ ਦੌਰਾਨ ਕਿਹਾ, ‘ਪਾਕਿਸਤਾਨ ਨਾਲ ਸਾਡਾ ਮੁੱਖ ਮੁੱਦਾ ਅਤਿਵਾਦ ਦਾ ਹੈ।’ ਹਰੀਸ਼ ਨੇ ਕੋਲੰਬੀਆ ਯੂਨੀਵਰਸਿਟੀ ਦੇ ਸਕੂਲ ਆਫ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼ (ਐੱਸਆਈਪੀਏ) ’ਚ ਕਰਵਾਏ ਇੱਕ ਪ੍ਰੋਗਰਾਮ ’ਚ ‘ਮੁੱਖ ਆਲਮੀ ਚੁਣੌਤੀਆਂ ਦਾ ਜਵਾਬ: ਭਾਰਤ ਦਾ ਤਰੀਕਾ’ ਵਿਸ਼ੇ ’ਤੇ ਮੁੱਖ ਭਾਸ਼ਣ ਦਿੱਤਾ। ਇਸ ਮਗਰੋਂ ਸੰਵਾਦ ਸੈਸ਼ਨ ਦੌਰਾਨ ਪਾਕਿਸਤਾਨ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ’ਚ ਹਰੀਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ, ‘ਭਾਰਤ ’ਚ ਅਤਿਵਾਦੀ ਗਤੀਵਿਧੀਆਂ ਨੇ ਭਰੋਸਾ ਤੋੜਿਆ ਹੈ। ਪਾਕਿਸਤਾਨ ਨਾਲ ਵਾਰਤਾ ਦਾ ਪਹਿਲਾ ਮੁੱਦਾ ਅਤਿਵਾਦ ਰੋਕਣਾ ਹੈ। ਇਸ ਅਹਿਮ ਮੁੱਦਾ ਹੈ।’
ਹਰੀਸ਼ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਤਿਵਾਦ ਆਲਮੀ ਮੰਚ ’ਤੇ ਇੱਕ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ, ‘ਭਾਰਤ ਲੰਮੇ ਸਮੇਂ ਤੋਂ ਸਰਹੱਦ ਪਾਰੋਂ ਹੋਣ ਵਾਲੇ ਅਤਿਵਾਦ ਅਤੇ ਆਲਮੀ ਅਤਿਵਾਦੀ ਦਾ ਸ਼ਿਕਾਰ ਹੋ ਰਿਹਾ ਹੈ।’ ਹਰੀਸ਼ ਨੇ ਅਤਿਵਾਦ ਨੂੰ ਮਨੁੱਖਤਾ ਦੀ ਹੋਂਦ ਲਈ ਖਤਰਾ ਦੱਸਿਆ। ਉਨ੍ਹਾਂ ਕਿਹਾ ਕਿ ਅਤਿਵਾਦ ਦਾ ਮੁਕਾਬਲਾ ਸਿਰਫ਼ ਕੌਮਾਂਤਰੀ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ। ਅਤਿਵਾਦ ਨਾਲ ਨਜਿੱਠਣ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਦਾ ਮੁੱਖ ਧਿਆਨ ਅਤਿਵਾਦ ਨਾਲ ਨਜਿੱਠਣ ਲਈ ਆਪਣੇ ਕੌਮਾਂਤਰੀ ਭਾਈਵਾਲਾਂ ਨੂੰ ਨਾਲ ਲੈ ਕੇ ਚੱਲਣ ’ਤੇ ਰਿਹਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੀ ਅਤਿਵਾਦ ਪ੍ਰਤੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਰਹੀ ਹੈ। -ਪੀਟੀਆਈ
ਭਾਰਤ ਟਰੰਪ ਦੇ ਨਵੇਂ ਪ੍ਰਸ਼ਾਸਨ ਨਾਲ ਕੰਮ ਕਰਨ ਲਈ ਉਤਸ਼ਾਹਿਤ: ਹਰੀਸ਼
ਨਿਊਯਾਰਕ:
ਸੰਯੁਕਤ ਰਾਸ਼ਟਰ ’ਚ ਭਾਰਤ ਦੇ ਪੱਕੇ ਨੁਮਾਇੰਦੇ ਪਰਵਤਨੇਨੀ ਹਰੀਸ਼ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੀ ਅਗਵਾਈ ਹੇਠਲੇ ਨਵੇਂ ਪ੍ਰਸ਼ਾਸਨ ਨਾਲ ਰਲ ਕੇ ਕੰਮ ਕਰਨ ਲਈ ਉਤਸ਼ਾਹਿਤ ਹੈ। ਹਰੀਸ਼ ਨੇ ਮੰਗਲਵਾਰ ਨੂੰ ਕੋਲੰਬੀਆ ਯੂਨੀਵਰਸਿਟੀ ’ਚ ਇਕ ਵਾਰਤਾ ਦੌਰਾਨ ਕਿਹਾ, ‘‘ਅਸੀਂ ਅਮਰੀਕੀ ਨਾਗਰਿਕਾਂ ਦੀ ਪਸੰਦ ਦਾ ਸਨਮਾਨ ਕਰਦੇ ਹਾਂ। ਅਸੀਂ ਸਾਰੀਆਂ ਸਰਕਾਰਾਂ ਨਾਲ ਰਲ ਕੇ ਕੰਮ ਕਰਦੇ ਹਾਂ। ਮੈਨੂੰ ਜਾਪਦਾ ਹੈ ਕਿ ਭਾਰਤ ਨਾਲ ਸਬੰਧਾਂ ਨੂੰ ਲੈ ਕੇ ਦੋਵੇਂ ਧਿਰਾਂ ’ਚ ਸਹਿਮਤੀ ਹੈ।’’ ਉਹ ਹੁਣੇ ਜਿਹੇ ਹੋਈਆਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ’ਤੇ ਭਾਰਤ ਦੇ ਪ੍ਰਤੀਕਰਮ ਨਾਲ ਸਬੰਧਤ ਇਕ ਸਵਾਲ ਦਾ ਜਵਾਬ ਦੇ ਰਹੇ ਸਨ ਜਿਸ ’ਚ ਟਰੰਪ ਨੇ ਜਿੱਤ ਹਾਸਲ ਕੀਤੀ ਹੈ। ਹਰੀਸ਼ ਨੇ ਕਿਹਾ, ‘‘ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਭਾਰਤ ਨਾਲ ਉਨ੍ਹਾਂ ਦੇ ਬਹੁਤ ਕਰੀਬੀ ਸਹਿਯੋਗ ਅਤੇ ਸਬੰਧ ਸਨ। ਅਸੀਂ ਟਰੰਪ ਅਤੇ ਉਨ੍ਹਾਂ ਦੇ ਨਵੇਂ ਪ੍ਰਸ਼ਾਸਨ ਦੇ ਸੱਤਾ ’ਚ ਆਉਣ ਮਗਰੋਂ ਉਨ੍ਹਾਂ ਨਾਲ ਜੁੜਨ ਲਈ ਉਤਸ਼ਾਹਿਤ ਹਾਂ।’’ -ਪੀਟੀਆਈ