ਕਰਾਚੀ, 9 ਦਸੰਬਰ
ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਔਰਤ ਵਿੱਚ ਕਰੋਨਾ ਦੇ ਨਵੇਂ ਰੂਪ ਓਮੀਕਰੋਨ ਦਾ ਪਹਿਲਾ ਸ਼ੱਕੀ ਕੇਸ ਮਿਲਿਆ ਹੈ।
ਸਿੰਧ ਸੂਬੇ ਦੀ ਸਿਹਤ ਮੰਤਰੀ ਡਾਕਟਰ ਅਜ਼ਰਾ ਫਜ਼ਲ ਪੈਚੂਹੋ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੀ ਪੁਸ਼ਟੀ ਲਈ ਜੀਨੋਮਿਕ ਸਟੱਡੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ, ‘‘ਹਾਲਾਂਕਿ ਕਰੋਨਾਵਾਇਰਸ ਦੇ ਮਰੀਜ਼ ਦੇ ਸੈਂਪਲ ਦੀ ਜੀਨੋਮਿਕ ਸਟੱਡੀ ਹਾਲੇ ਪੂਰੀ ਨਹੀਂ ਹੋਈ ਹੈ ਪਰ ਵਾਇਰਸ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਇਹ ਓਮੀਕਰੋਨ ਹੈ।’’
ਉਨ੍ਹਾਂ ਦੱਸਿਆ ਕਿ ਮਰੀਜ਼ 57 ਸਾਲਾਂ ਦੀ ਹੈ ਪਰ ਸਥਾਨਕ ਨਿਊਜ਼ ਚੈਨਲਾਂ ਦੀ ਰਿਪੋਰਟ ਮੁਤਾਬਕ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਗਈ ਮਹਿਲਾ ਦੀ ਉਮਰ 65 ਸਾਲ ਹੈ ਅਤੇ ਉਸ ਦੀ ਕੋਈ ਵੀ ਟਰੈਵਲ ਹਿਸਟਰੀ ਨਹੀਂ ਹੈ।
ਸਿਹਤ ਅਧਿਕਾਰੀਆਂ ਮੁਤਾਬਕ ਮਰੀਜ਼ ਵਿੱਚ ਵਾਇਰਸ ਦਾ ਕੋਈ ਲੱਛਣ ਦਿਖਾਈ ਨਹੀਂ ਦੇ ਰਿਹਾ ਪਰ ਇਕਾਂਤਵਾਸ ਲਈ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ।
ਅਜ਼ਰਾ ਨੇ ਕਿਹਾ ਕਿ ਹਾਲੇ ਚਿੰਤਾ ਦੀ ਕੋਈ ਗੱਲ ਨਹੀਂ ਹੈ ਪਰ ਜੀਨੋਮਿਕ ਸਟੱਡੀ, ਜਿਸ ਨੂੰ ਇੱਕ ਜਾਂ ਦੋ ਹਫ਼ਤੇ ਲੱਗ ਸਕਦੇ ਹਨ, ਨਾਲ ਇਸ ਦੀ ਪੁਸ਼ਟੀ ਹੋਵੇਗੀ ਕਿ ਔਰਤ ਓਮੀਕਰੋਨ ਰੂਪ ਤੋਂ ਪੀੜਤ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਸ ਔਰਤ ਦਾ ਕਰੋਨਾ ਟੀਕਾਕਰਨ ਵੀ ਨਹੀਂ ਹੋਇਆ।
ਅਜ਼ਰਾ ਨੇ ਜ਼ੋਰ ਦੇ ਕੇ ਕਿਹਾ, ‘ਮੈਂ ਸਾਰਿਆਂ ਨੂੰ ਦੂਜੀ ਡੋਜ਼ ਲਗਵਾਉਣ ਦੀ ਅਪੀਲ ਕਰਦੀ ਹਾਂ ਅਤੇ ਜੇ ਤੁਹਾਡਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ ਤਾਂ ਬੂਸਟਰ ਡੋਜ਼ ਲਗਵਾਓ। ਇਹ ਤੁਹਾਡਾ ਬਚਾਅ ਕਰੇਗੀ।’’ ਆਗਾ ਖ਼ਾਨ ਯੂਨੀਵਰਸਿਟੀ ਹਸਪਤਾਲ, ਜਿੱਥੇ ਉਕਤ ਔਰਤ ਇਲਾਜ ਲਈ ਗਈ ਸੀ, ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਪੁਸ਼ਟੀ ਲਈ (ਜੀਨੋਮਿਕ ਸਟੱਡੀ ਦੇ) ਆਖਰੀ ਟੈਸਟ ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ। -ਪੀਟੀਆਈ