ਲਾਹੌਰ, 10 ਅਕਤੂਬਰ
ਪਾਕਿਸਤਾਨ ਵਿੱਚ ਇੱਕ ਗੈਰ-ਸਰਕਾਰੀ ਸੰਗਠਨ ਨੇ ਲਾਹੌਰ ਵਿਚ ਊੱਘੀਆਂ ਸ਼ਖ਼ਸੀਅਤਾਂ, ਜਿਨ੍ਹਾਂ ਵਿੱਚ ਆਜ਼ਾਦੀ ਘੁਲਾਈਟੇ ਲਾਲਾ ਲਾਜਪਤ ਰਾਏ, ਲੇਖਿਕਾ ਅੰਮ੍ਰਿਤਾ ਪ੍ਰੀਤਮ ਅਤੇ ਮਹਾਰਾਜ ਗੁਲਾਮ ਹੁਸੈਨ ਕੱਥਕ ਸ਼ਾਮਲ ਹਨ, ਦੀਆਂ ਤਖਤੀਆਂ ਲਾਊਣੀਆਂ ਸ਼ੁਰੂ ਕੀਤੀਆਂ ਹਨ। ਇਹ ਤਖ਼ਤੀਆਂ ਲਾਹੌਰ ਵਿੱਚ ਇਨ੍ਹਾਂ ਸ਼ਖ਼ਸੀਅਤਾਂ ਨਾਲ ਸਬੰਧਤ ਸਥਾਨਾਂ ’ਤੇ ਲਾਈਆਂ ਜਾ ਰਹੀਆਂ ਹਨ।
ਲਾਹੌਰ ਸੰਗਤ ਨਾਂ ਦੇ ਸੰਗਠਨ ਵਲੋਂ ਊੱਘੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਦੇ ਮਕਸਦ ਨਾਲ ਨੀਲੇ ਰੰਗ ਦੀਆਂ ਕੁੱਲ 20 ਤਖਤੀਆਂ ਲਾਈਆਂ ਗਈਆਂ ਹਨ। ਸੰਗਠਨ ਵਲੋਂ ਵੱਖ-ਵੱਖ ਥਾਵਾਂ ’ਤੇ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੀਆਂ 140 ਤੋਂ ਵੱਧ ਤਖ਼ਤੀਆਂ ਲਾਏ ਜਾਣ ਦੀ ਯੋਜਨਾ ਹੈ। ਪਾਕਿਸਤਾਨ ਦੀ ਸਭਿਆਚਾਰਕ ਰਾਜਧਾਨੀ ਵਿੱਚ ਲਾਲਾ ਲਾਜਪਤ ਰਾਏ ਦੀਆਂ ਤਖਤੀਆਂ ਗੋਲ ਬਾਗ ਦੇ ਗੇਟ (ਨਸੀਰ ਬਾਗ) ’ਤੇ, ਅੰਮ੍ਰਿਤਾ ਪ੍ਰੀਤਮ ਦੀਆਂ ਤਖ਼ਤੀਆਂ ਧਨੀ ਰਾਮ ਸਟਰੀਟ, ਅਨਾਰਕਲੀ ਵਿੱਚ ਅਤੇ ਮਹਾਰਾਜ ਗੁਲਾਮ ਹੁਸੈਨ ਕੱਥਕ ਦੀਆਂ ਤਖ਼ਤੀਆਂ ਦਿੱਲੀ ਮੁਸਲਿਮ ਹੋਟਲ, ਅਨਾਰਕਲੀ ਵਿਚ ਸਥਾਪਤ ਕੀਤੀਆਂ ਗਈਆਂ ਹਨ।
ਦੱਸਣਯੋਗ ਹੈ ਕਿ ਪੰਜਾਬ ਕੇਸਰੀ ਵਜੋਂ ਜਾਣੇ ਜਾਂਦੇ ਲਾਲਾ ਲਾਜਪਤ ਰਾਏ (1865-1928) ਭਾਰਤੀ ਆਜ਼ਾਦੀ ਘੁਲਾਟੀਏ ਸਨ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਹਿਰ ਵਿੱਚ ਅਹਿਮ ਭੂਮਿਕਾ ਨਿਭਾਈ। ਅੰਮ੍ਰਿਤਾ ਪ੍ਰੀਤਮ (1919-2005) ਭਾਰਤੀ ਨਾਵਲਕਾਰ ਸਨ, ਜਿਨ੍ਹਾਂ ਪੰਜਾਬੀ ਅਤੇ ਹਿੰਦੀ ਵਿੱਚ ਆਪਣੇ ਲਿਖਤਾਂ ਲਿਖੀਆਂ। ਊਹ ਪਹਿਲੀ ਊੱਘੀ ਮਹਿਲਾ ਪੰਜਾਬੀ ਕਵਿੱਤਰੀ, ਨਾਵਲਕਾਰ ਵਜੋਂ ਜਾਣੇ ਜਾਂਦੇ ਹਨ। ਪੰਜਾਬੀ ਭਾਸ਼ਾ ਦੀ 20ਵੀਂ ਸਦੀ ਦੀ ਇਸ ਊੱਘੀ ਸ਼ਾਇਰਾ ਨੂੰ ਸਰਹੱਦ ਦੇ ਦੋਵਾਂ ਪਾਸਿਆਂ ਤੋਂ ਬਰਾਬਰ ਪਿਆਰ ਮਿਲਿਆ ਹੈ। ਮਹਾਰਾਜ ਗੁਲਾਮ ਹੁਸੈਨ ਕੱਥਕ (1905-2001) ਕਲਾਸੀਕਲ ਡਾਂਸਰ ਅਤੇ ਅਧਿਆਪਕ ਸਨ। ਇਸ ਹਫ਼ਤੇ ਲਾਹੌਰ ਸੰਗਤ ਵਲੋਂ ਪ੍ਰੋ. ਅੰਨਾ ਮੋਲਕਾ ਦੀਆਂ ਤਖ਼ਤੀਆਂ ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਕੈਂਪਸ ਵਿੱਚ ਸਥਾਪਤ ਕੀਤੀਆਂ ਗਈਆਂ ਅਤੇ ਭਾਈ ਰਾਮ ਸਿੰਘ ਦੀਆਂ ਤਖ਼ਤੀਆਂ ਇੱਥੇ ਲਾਹੌਰ ਮਿਊਜ਼ੀਅਮ ਐਂਡ ਨੈਸ਼ਨਲ ਕਾਲਜ ਆਫ ਆਰਟਸ ਦੀ ਚਾਰਦੀਵਾਰੀ ਕੰਧ ’ਤੇ ਲਾਈਆਂ ਗਈਆਂ। ਇਸ ਤੋਂ ਪਹਿਲਾਂ ਲਾਹੌਰ ਵਿੱਚ ਕਈ ਅਹਿਮ ਸ਼ਖ਼ਸੀਅਤਾਂ ਹਾਫ਼ਿਜ਼ ਜਲੰਧਰੀ, ਗਾਮਾ ਪਹਿਲਵਾਨ, ਬੜੇ ਗੁਲਾਮ ਅਲੀ, ਅਬਦੁਲ ਰਹਿਮਾਨ ਚੁਗਤਾਈ, ਨੂਰ ਜਹਾਂ ਅਤੇ ਅਲਾਮਾ ਮੁਹੰਮਦ ਇਕਬਾਲ ਦੀਆਂ ਤਖ਼ਤੀਆਂ ਲਾਈਆਂ ਗਈਆਂ ਸਨ। ਪਾਕਿਸਤਾਨ ਦੇ ਊੱਘੇ ਪੇਂਟਰ ਡਾ. ਐਜਾਜ਼ ਅਨਵਰ ਨੇ ਕਿਹਾ, ‘‘ਅਸੀਂ ਖੇਤਰ ਦੀਆਂ ਮਹਾਨ ਸ਼ਖ਼ਸੀਅਤਾਂ ਦੀਆਂ ਤਖ਼ਤੀਆਂ ਲਾ ਕੇ ਊਨ੍ਹਾਂ ਨੂੰ ਸਨਮਾਨ ਦੇਣਾ ਚਾਹੁੰਦੇ ਹਾਂ ਤਾਂ ਜੋ ਆਮ ਲੋਕਾਂ ਤੇ ਵਿਦਿਆਰਥੀਆਂ ਨੂੰ ਊਨ੍ਹਾਂ ਬਾਰੇ ਪੜ੍ਹ ਕੇ ਪ੍ਰੇਰਨਾ ਮਿਲ ਸਕੇ।’’ ਲਾਹੌਰ ਸੰਗਤ ਨੇ ਊੱਘੇ ਪੇਂਟਰਾਂ, ਲੇਖਕਾਂ, ਕਵੀਆਂ, ਆਰਕੀਟੈਕਟਾਂ, ਸੰਗਰਾਮੀਆਂ, ਵਿਦਵਾਨਾਂ, ਡਾਕਟਰਾਂ, ਸੰਤਾਂ, ਸੰਗੀਤਕਾਰਾਂ, ਖਿਡਾਰੀਆਂ, ਪੱਤਰਕਾਰਾਂ, ਗਾਇਕਾਂ ਅਤੇ ਹੋਰ ਹੁਨਰਮੰਦਾਂ ਦੀ ਸੂਚੀ ਬਣਾਈ ਹੈ, ਜਿਨ੍ਹਾਂ ਦੀਆਂ ਸ਼ਹਿਰ ਵਿੱਚ ਤਖ਼ਤੀਆਂ ਲਾਈਆਂ ਜਾਣੀਆਂ ਹਨ। -ਪੀਟੀਆਈ