ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 9 ਨਵੰਬਰ
ਵਿਕਟੋਰੀਆ ਸੂਬਾ ਸਰਕਾਰ ਨੇ ਸ਼ਹਿਰ ਦੇ ਦੱਖਣ ’ਚ ਪੈਂਦੀ ਝੀਲ ਦਾ ਨਾਮ ਬਦਲ ਕੇ ਗੁਰੂ ਨਾਨਕ ਸਾਹਿਬ ਦੇ ’ਤੇ ਰੱਖਣ ਦਾ ਐਲਾਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੇ 555ਵੇਂ ਗੁਰਪੁਰਬ ਮੌਕੇ ਸਰਕਾਰ ਨੇ ਇਹ ਐਲਾਨ ਕੀਤਾ ਹੈ। ਸ਼ਹਿਰ ਤੋਂ ਕਰੀਬ 45 ਕਿਲੋਮੀਟਰ ਦੂਰੀ ’ਤੇ ਸਥਿਤ ਬਰਵਿੱਕ ਝੀਲ ਇਲਾਕੇ ’ਚ ਮਕਬੂਲ ਥਾਂ ਹੈ ਅਤੇ ਇਸ ਨੇੜਲਾ ਇਲਾਕਾ ਸੈਰਗਾਹ ਵਜੋਂ ਵੀ ਜਾਣਿਆ ਜਾਂਦਾ ਹੈ। ਝੀਲ ਨੇੜੇ ਅੱਜ ਰੱਖੇ ਸਮਾਗਮ ਦੌਰਾਨ ਅਰਦਾਸ ਕੀਤੀ ਗਈ ਅਤੇ ਇਲਾਕੇ ਦੇ ਮੂਲਵਾਸੀਆਂ ਵੱਲੋਂ ਆਪਣੀਆਂ ਰਹੁ-ਰੀਤਾਂ ਨਾਲ ਇਸ ਐਲਾਨ ਦਾ ਸਵਾਗਤ ਕੀਤਾ। ਸਰਕਾਰ ਦੇ ਮਲਟੀਕਲਚਰਲ ਵਿਭਾਗ ਦੇ ਮੰਤਰੀ ਅਤੇ ਪ੍ਰਤੀਨਿਧਾਂ ਨੇ ਐਲਾਨ ਕੀਤਾ ਕਿ ਜਲਦੀ ਹੀ ਇੱਥੇ ਸਥਾਨਕ ਭਾਈਚਾਰੇ ਅਤੇ ਸਿੱਖ ਸੰਸਥਾਵਾਂ ਨਾਲ ਵਿਚਾਰ ਵਟਾਂਦਰੇ ਮਗਰੋਂ ਇੱਕ ਸਮਾਰਕ ਵੀ ਬਣਾਇਆ ਜਾਵੇਗਾ। ਸ਼ਹਿਰ ਦੀਆਂ ਸਿੱਖ ਸੰਸਥਾਵਾਂ ਨੇ ਇਸ ਉਪਰਾਲੇ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ।