ਵਾਸ਼ਿੰਗਟਨ, 14 ਫਰਵਰੀ
ਦੁਨੀਆ ਭਰ ’ਚ ਉੱਚ ਅਹੁਦਿਆਂ ’ਤੇ ਕਾਬਜ਼ 200 ਪਰਵਾਸੀ ਭਾਰਤੀਆਂ, ਜਿਸ ਵਿੱਚ ਕੁਝ ਦੇਸ਼ਾਂ ਦੇ ਮੁਖੀ ਵੀ ਸ਼ਾਮਲ ਹਨ, ਦੀ ਸੂਚੀ 15 ਫਰਵਰੀ ਨੂੰ ਜਾਰੀ ਕੀਤੀ ਜਾਵੇਗੀ। ਇਸ ਸੂਚੀ ਵਿੱਚ ਵੱਖ-ਵੱਖ ਖੇਤਰਾਂ ’ਚ ਪਰਵਾਸੀ ਭਾਰਤੀ ਨੇਤਾਵਾਂ ਦੀਆਂ ਪ੍ਰਾਪਤੀਆਂ ਦਾ ਵਿਸ਼ੇਸ਼ ਜ਼ਿਕਰ ਹੋਵੇਗਾ। ਆਲਮੀ ਪੱਧਰ ’ਤੇ ਪਰਵਾਸੀ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਅਮਰੀਕਾ ਅਧਾਰਤ ਸੰਸਥਾ ‘ਇੰਡਿਆਸਪੋਰਾ’ ਪਹਿਲੀ ਵਾਰ 15 ਦੇਸ਼ਾਂ ਦੀਆਂ 200 ਤੋਂ ਵੱਧ ਸ਼ਖਸੀਅਤਾਂ ਦੀ ਇਹ ਸੂਚੀ 15 ਫਰਵਰੀ ਨੂੰ ਰਾਸ਼ਟਰਪਤੀ ਦਿਵਸ ਮੌਕੇ ਜਾਰੀ ਕਰੇਗੀ।
ਅਮਰੀਕਾ ਦੀ ਪਹਿਲੀ ਮਹਿਲਾ ਉੱਪ ਰਾਸ਼ਟਰਪਤੀ ਬਣੀ ਭਾਰਤੀ-ਅਮਰੀਕੀ ਕਮਲਾ ਹੈਰਿਸ ਨੂੰ ਹੁਣੇ ਜਿਹੇ ਹੀ ਇਸ ਸੂਚੀ ’ਚ ਸ਼ਾਮਲ ਹੋਈ ਹੈ। ਇੰਡੀਆਸਪੋਰਾ ਵੱਲੋਂ ਇੱਕ ਈਮੇਲ ’ਚ ਦੱਸਿਆ ਗਿਆ ਕਿ ਇਸ ਸੂਚੀ ’ਚ ਚੁਣੇ ਹੋਏ ਅਧਿਕਾਰੀ, ਵੱਖ-ਵੱਖ ਅਹੁਦਿਆਂ ’ਤੇ ਨਿਯੁਕਤ ਲੋਕ ਅਤੇ ਨੌਕਰਸ਼ਾਹ ਸ਼ਾਮਲ ਹਨ। ਇਹ ਸਾਰੇ ਲੋਕ ਸੇਵਾ ਰਾਹੀਂ ਸਥਾਨਕ ਅਤੇ ਆਲਮੀ ਪੱਧਰ ’ਤੇ ਸਿਆਸਤ ਅਤੇ ਨੀਤੀ ਨੂੰ ਆਕਾਰ ਦੇਣ ’ਚ ਅਹਿਮ ਸੂਤਰਧਾਰ ਰਹੇ ਹਨ। ਆਉਣ ਵਾਲੀਆਂ ਪੀੜੀਆਂ ’ਤੇ ਵੀ ਉਨ੍ਹਾਂ ਦਾ ਪ੍ਰਭਾਵ ਰਹੇਗਾ। ‘ਇੰਡੀਆਸਪੋਰਾ’ ਦੇ ਬਾਨੀ ਅਤੇ ਸਿਲੀਕਾਨ ਵੈੱਲੀ ਅਧਾਰਿਤ ਉੱਦਮੀ ਤੇ ਨਿਵੇਸ਼ਕ ਐੱਮ.ਆਰ. ਰੰਗਾਸਵਾਮੀ ਨੇ ਪੀਟੀਆਈ ਨੂੰ ਦੱਸਿਆ ਕਿ 15 ਦੇਸ਼ਾਂ ’ਚ 200 ਤੋਂ ਵੱਧ ਨੇਤਾਵਾਂ ਵੱਲੋਂ ਸੇਵਾ ਅਤੇ ਲੋਕ ਸੇਵਾ ’ਚ ਨਾਂ ਕਮਾਉਣਾ ਅਨੋਖੀ ਗੱਲ ਹੈ। ਉਹ ਦੁਨੀਆ ਭਰ ’ਚ 55 ਕਰੋੜ ਤੋਂ ਵੱਧ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ।’ ਉਨ੍ਹਾਂ ਕਿਹਾ ਕਿ ਇਹ ਸੂਚੀ ਸੋਮਵਾਰ ਨੂੰ ਜਾਰੀ ਕੀਤੀ ਜਾਵੇਗੀ। -ਪੀਟੀਆਈ