ਲੰਡਨ, 3 ਅਕਤੂਬਰ
ਰੂਸੀ ਸੰਸਦ ਦੇ ਹੇਠਲੇ ਸਦਨ ਨੇ ਯੂਕਰੇਨ ਦੇ ਚਾਰ ਖ਼ਿੱਤਿਆਂ ਨੂੰ ਰੂਸ ’ਚ ਮਿਲਾਉਣ ਸਬੰਧੀ ਸੰਧੀ ਵਾਲੇ ਕਾਨੂੰਨ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਯੂਕਰੇਨ ਅਤੇ ਪੱਛਮੀ ਮੁਲਕਾਂ ਨੇ ਇਸ ਫ਼ੈਸਲੇ ਨੂੰ ਗ਼ੈਰਕਾਨੂੰਨੀ ਕਰਾਰ ਦਿੰਦਿਆਂ ਰੂਸ ਦੀ ਨਿਖੇਧੀ ਕੀਤੀ ਹੈ। ਰੂਸੀ ਸੰਸਦ ਦੇ ਹੇਠਲੇ ਸਦਨ ਡਿਊਮਾ ’ਚ ਕਿਸੇ ਵੀ ਸੰਸਦ ਮੈਂਬਰ ਨੇ ਮਤੇ ਖ਼ਿਲਾਫ਼ ਵੋਟ ਨਹੀਂ ਭੁਗਤੀ। ਹੁਣ ਇਹ ਮਤਾ ਉਪਰਲੇ ਸਦਨ ਫੈਡਰੇਸ਼ਨ ਕਾਊਂਸਿਲ ’ਚ ਪੇਸ਼ ਕੀਤਾ ਜਾਵੇਗਾ ਅਤੇ ਉਥੋਂ ਪ੍ਰਵਾਨਗੀ ਮਿਲਣ ਮਗਰੋਂ ਯੂਕਰੇਨ ਦੇ ਚਾਰੋਂ ਖ਼ਿੱਤਿਆਂ ’ਤੇ ਰੂਸ ਦਾ ਅਧਿਕਾਰ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਯੂਕਰੇਨ ਦੇ ਖੇਰਸਾਨ, ਦੋਨੇਤਸਕ, ਲੁਹਾਂਸਕ ਅਤੇ ਜ਼ਾਪੋਰਿਜ਼ੀਆ ਖ਼ਿੱਤਿਆਂ ’ਚ ਰੂਸ ਨੇ ਪਿਛਲੇ ਦਿਨੀਂ ਰਾਏਸ਼ੁਮਾਰੀ ਕਰਵਾਈ ਸੀ ਜਿਸ ’ਚ ਲੋਕਾਂ ਨੇ ਯੂਕਰੇਨ ਤੋਂ ਵੱਖ ਹੋਣ ਦਾ ਫ਼ੈਸਲਾ ਸੁਣਾਇਆ ਸੀ। ਇਸ ਮਗਰੋਂ ਰੂਸ ਨੇ ਚਾਰੋਂ ਖ਼ਿੱਤਿਆਂ ਨੂੰ ਮੁਲਕ ’ਚ ਸ਼ਾਮਲ ਕਰਨ ਦੀ ਸੰਧੀ ’ਤੇ ਦਸਤਖ਼ਤ ਕੀਤੇ ਸਨ। -ਰਾਇਟਰਜ਼
ਯੂਕਰੇਨੀ ਫ਼ੌਜ ਵੱਲੋਂ ਖੇਰਸਾਨ ’ਚ ਅੱਗੇ ਵਧਣ ਦਾ ਦਾਅਵਾ
ਕੀਵ: ਯੂਕਰੇਨੀ ਫ਼ੌਜ ਮੁਲਕ ਦੇ ਦੱਖਣੀ ਖੇਰਸਾਨ ਖ਼ਿੱਤੇ ’ਚ ਅੱਗੇ ਵਧ ਰਹੀ ਹੈ ਅਤੇ ਸੋਮਵਾਰ ਨੂੰ ਵੀ ਉਸ ਦੇ ਹਮਲੇ ਜਾਰੀ ਰਹੇ ਜੋ ਮਾਸਕੋ ਲਈ ਪ੍ਰੇਸ਼ਾਨ ਕਰਨ ਵਾਲੇ ਹਾਲਾਤ ਪੈਦਾ ਕਰ ਰਹੇ ਹਨ। ਯੂਕਰੇਨ ਲਈ ਖੇਰਸਾਨ ’ਤੇ ਮੁੜ ਤੋਂ ਕਬਜ਼ਾ ਕਰਨਾ ਮੁਸ਼ਕਲ ਹੋ ਰਿਹਾ ਹੈ ਅਤੇ ਪਿਛਲੇ ਮਹੀਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ’ਤੇ ਫਤਹਿ ਹਾਸਲ ਕਰਨ ਦੇ ਮੁਕਾਬਲੇ ’ਚ ਉਨ੍ਹਾਂ ਨੂੰ ਖੇਰਸਾਨ ’ਚ ਹੌਲੀ ਹੌਲੀ ਸਫ਼ਲਤਾ ਮਿਲ ਰਹੀ ਹੈ। ਯੂਕਰੇਨ ਦੇ ਮੀਡੀਆ ਨੇ ਆਪਣੇ ਫ਼ੌਜੀਆਂ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਹਨ ਜਿਨ੍ਹਾਂ ’ਚ ਉਹ ਖਰੇਸ਼ਚੇਨਿਵਕਾ ਪਿੰਡ ’ਚ ਕੌਮੀ ਝੰਡਾ ਲਹਿਰਾ ਰਹੇ ਹਨ। ਇਹ ਪਿੰਡ ਖੇਰਸਾਨ ਇਲਾਕੇ ’ਚ ਪੈਂਦਾ ਹੈ ਜਿਥੇ ਰੂਸੀ ਸੁਰੱਖਿਆ ਪ੍ਰਣਾਲੀ ਨੂੰ ਤੋੜ ਦਿੱਤਾ ਗਿਆ ਸੀ। ਮਾਸਕੋ ਪੱਖੀ ਰੂਸੀ ਫ਼ੌਜੀ ਬਲੌਗਰਾਂ ਨੇ ਮੰਨਿਆ ਹੈ ਕਿ ਯੂਕਰੇਨ ਦੀ ਫ਼ੌਜ ਬਿਹਤਰ ਹੈ ਅਤੇ ਇਲਾਕੇ ’ਚ ਉਨ੍ਹਾਂ ਦੀ ਮੁਹਿੰਮ ਨੂੰ ਟੈਂਕ ਯੂਨਿਟ ਦੀ ਸਹਾਇਤਾ ਮਿਲ ਰਹੀ ਹੈ। ਰੂਸ ਵੱਲੋਂ ਖੇਰਸਾਨ ਇਲਾਕੇ ’ਚ ਤਾਇਨਾਤ ਅਧਿਕਾਰੀ ਸਿਰਿਲ ਸਟ੍ਰੀਮੋਸੋਵ ਨੇ ਸੋਮਵਾਰ ਸਵੇਰੇ ਵੀਡੀਓ ਸੁਨੇਹੇ ’ਚ ਮੰਨਿਆ ਕਿ ਯੂਕਰੇਨ ਦੀ ਫ਼ੌਜ ਉਨ੍ਹਾਂ ਦੇ ਕਬਜ਼ੇ ਵਾਲੇ ਇਲਾਕੇ ਦੇ ਕੁਝ ਅੰਦਰ ਤੱਕ ਪਹੁੰਚ ਗਈ ਹੈ। ਉਂਜ ਉਸ ਨੇ ਕਿਹਾ ਕਿ ਸਾਰਾ ਕੁਝ ਕੰਟਰੋਲ ਹੇਠ ਅਤੇ ਰੂਸੀ ਰੱਖਿਆ ਪ੍ਰਣਾਲੀ ਇਲਾਕੇ ’ਚ ਕੰਮ ਕਰ ਰਹੀ ਹੈ। -ਏਪੀ
ਰੂਸ ਵੱਲੋਂ ਅੱਠ ਖ਼ਿੱਤਿਆਂ ’ਚ ਜ਼ੋਰਦਾਰ ਗੋਲਾਬਾਰੀ, 2 ਹਲਾਕ
ਕੀਵ: ਰੂਸ ਨੇ ਯੂਕਰੇਨ ਦੇ ਅੱਠ ਖ਼ਿੱਤਿਆਂ ’ਚ ਪਿਛਲੇ 24 ਘੰਟਿਆਂ ਦੌਰਾਨ ਜ਼ੋਰਦਾਰ ਗੋਲਾਬਾਰੀ ਕੀਤੀ ਜਿਸ ’ਚ ਦੋ ਆਮ ਨਾਗਰਿਕ ਮਾਰੇ ਗਏ ਅਤੇ 14 ਹੋਰ ਜ਼ਖ਼ਮੀ ਹੋ ਗਏ। ਜ਼ਾਪੋਰਿਜ਼ੀਆ ’ਚ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ। ਰਾਸ਼ਟਰਪਤੀ ਦਫ਼ਤਰ ਮੁਤਾਬਕ ਰੂਸੀ ਫ਼ੌਜ ਨੇ ਸ਼ਹਿਰ ਅਤੇ ਦੋ ਨੇੜਲੇ ਪਿੰਡਾਂ ’ਤੇ 10 ਐੱਸ-300 ਮਿਜ਼ਾਈਲਾਂ ਦਾਗੀਆਂ। ਹਮਲੇ ’ਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਸੈਂਟਰ ਤਬਾਹ ਹੋ ਗਿਆ। ਇਸ ਹਮਲੇ ’ਚ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ। ਨਿਕੋਪੋਲ ’ਚ ਗੋਲਾਬਾਰੀ ਕਾਰਨ ਬਿਜਲੀ ਗੁੱਲ ਹੋ ਗਈ ਜਦਕਿ ਦਰਜਨ ਦੇ ਕਰੀਬ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਪੂਰਬੀ ਦੋਨੇਤਸਕ ਖ਼ਿੱਤੇ ’ਚ ਰਾਹਤ ਕਰਮੀਆਂ ਵੱਲੋਂ ਚਾਸਿਵ ਯਾਰ ਸ਼ਹਿਰ ’ਚ ਤਬਾਹ ਹੋਈ ਕਾਲਜ ਦੀ ਇਮਾਰਤ ’ਚ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। -ਏਪੀ