ਸੰਯੁਕਤ ਰਾਸ਼ਟਰ, 13 ਮਈ
ਆਲਮੀ ਸਿਹਤ ਸੰਸਥਾ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਭਾਰਤ ਵਿੱਚ ਮੌਜੂਦਾ ਸਥਿਤੀ ਦੀ ਪੜਚੋਲ ਤੋਂ ਪਤਾ ਲੱਗਦਾ ਹੈ ਕਿ ਮੁਲਕ ਵਿੱਚ ਕੋਵਿਡ- 19 ਦੇ ਮੁੜ ਫੈਲਾਅ ਅਤੇ ਇਸ ਦੇ ਵਾਧੇ ਪਿੱਛੇ ਕਈ ਮਹੱਤਵਪੂਰਨ ਕਾਰਨ ਹਨ, ਜਿਨ੍ਹਾਂ ਵਿੱਚ ‘ਕਈ ਧਾਰਮਿਕ ਤੇ ਸਿਆਸੀ ਸਮਾਗਮ ਸ਼ਾਮਲ ਹਨ, ਜਿਨ੍ਹਾਂ ਕਾਰਨ ਸਮਾਜਿਕ ਮੇਲ-ਜੋਲ ਵਧਿਆ।’ ਆਲਮੀ ਸਿਹਤ ਸੰਸਥਾ ਨੇ ਲੰਘੇ ਦਿਨ ਪ੍ਰਕਾਸ਼ਿਤ ਆਪਣੇ ਕੋਵਿਡ- 19 ਸਬੰਧੀ ‘ਵੀਕਲੀ ਐਪੀਡੈਮਾਇਓਲੌਜੀਕਲ ਅਪਡੇਟ’ ਵਿੱਚ ਕਿਹਾ ਕਿ ਬੀ.1.617 ਰੂਪ ਸਭ ਤੋਂ ਪਹਿਲੀ ਵਾਰ ਭਾਰਤ ਵਿੱਚ ਅਕਤੂਬਰ 2020 ਵਿੱਚ ਵੇਖਣ ਨੂੰ ਮਿਲਿਆ। ਭਾਰਤ ਵਿੱਚ ਕੋਵਿਡ- 19 ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਿੱਚ ਵਾਧੇ ਨੇ ਬੀ.1.617 ਅਤੇ ਹੋਰ ਰੂਪਾਂ (ਜਿਵੇਂ ਕਿ, ਬੀ.1.1.7) ਦੀ ਮਹੱਤਵਪੂਰਨ ਭੂਮਿਕਾ ਸਬੰਧੀ ਸਵਾਲ ਖੜ੍ਹੇ ਕੀਤੇ ਹਨ। ਅਪਡੇਟ ਮੁਤਾਬਕ,‘ਆਲਮੀ ਸਿਹਤ ਸੰਸਥਾ ਵੱਲੋਂ ਭਾਰਤ ਵਿੱਚ ਮੌਜੂਦਾ ਸਥਿਤੀ ਦੀ ਕੀਤੀ ਪੜਚੋਲ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਕੋਵਿਡ- 19 ਦੇ ਮੁੜ ਫੈਲਾਅ ਤੇ ਇਸ ਦੇ ਵਾਧੇ ਲਈ ਕਈ ਕਾਰਕ ਜ਼ਿੰਮੇਵਾਰ ਹਨ, ਜਿਨ੍ਹਾਂ ਵਿੱਚ ਸਾਰਸ-ਕੋਵਿਡ-2 ਰੂਪਾਂ ਸਬੰਧੀ ਕੇਸਾਂ ਦੇ ਅਨੁਪਾਤ ਵਿੱਚ ਵਾਧਾ, ਕਈ ਧਾਰਮਿਕ ਤੇ ਸਿਆਸੀ ਇਕੱਠ ਜਿਨ੍ਹਾਂ ਕਾਰਨ ਸਮਾਜਿਕ ਮੇਲ-ਜੋਲ ਵਧਿਆ ਅਤੇ ਜਨਤਕ ਸਿਹਤ ਤੇ ਸਮਾਜਿਕ ਉਪਾਵਾਂ (ਪੀਐੱਚਐੱਸਐੱਮ) ਦੀ ਘੱਟ ਵਰਤੋਂ ਤੇ ਇਸਦੀ ਘੱਟ ਆਦਤ ਸ਼ਾਮਲ ਹਨ। ਭਾਰਤ ਵਿੱਚ ਕੋਵਿਡ- 19 ਦੇ ਫੈਲਾਅ ਪਿੱਛੇ ਇਨ੍ਹਾਂ ਸਾਰੇ ਕਾਰਕਾਂ ਦੇ ਯੋਗਦਾਨ ਨੂੰ ਸਹੀ ਢੰਗ ਨਾਲ ਨਹੀਂ ਸਮਝਿਆ ਗਿਆ। ਜਾਣਕਾਰੀ ਮੁਤਾਬਕ ਭਾਰਤ ਵਿੱਚ ਲਗਪਗ 0.1 ਫ਼ੀਸਦੀ ਪਾਜ਼ੇਟਿਵ ਸੈਂਪਲਾਂ ਨੂੰ ਜੀਆਈਐੱਸਏਆਈਡੀ ’ਤੇ ਸੀਕੁਐਂਸ ਤੇ ਅਪਲੋਡ ਕੀਤਾ ਗਿਆ ਤਾਂ ਕਿ ਸਾਰਸ-ਕੋਵਿਡ- 2 ਰੂਪਾਂ ਦੀ ਪਛਾਣ ਕੀਤੀ ਜਾ ਸਕੇ। ਇਸ ਦੌਰਾਨ ਪਤਾ ਲੱਗਾ ਕਿ ਭਾਰਤ ਵਿੱਚ ਕੋਵਿਡ- 19 ਕੇਸਾਂ ਦੀ ਗਿਣਤੀ ਵਿੱਚ ਵਾਧੇ ਲਈ ਕਈ ਵੀਓਸੀਜ਼ ਦੀ ਮੌਜੂਦਗੀ ਜ਼ਿੰਮੇਵਾਰ ਸੀ ਜਿਨ੍ਹਾਂ ਵਿੱਚ ਬੀ.1.1.7 ਅਤੇ ਬੀ.1.612 ਉਪ-ਸਮੂਹ ਸ਼ਾਮਲ ਸਨ। ਅਪਰੈਲ 2021 ਤੱਕ ਇਨ੍ਹਾਂ ਰੂਪਾਂ ਦੀ ਪਛਾਣ ਦੌਰਾਨ ਭਾਰਤ ਵਿੱਚ ਇਕੱਠੇ ਕੀਤੇ ਸੈਂਪਲਾਂ ਦੀ ਸੀਕੁਐਂਸਿੰਗ ਦੌਰਾਨ ਬੀ.1.1.7 ਅਤੇ ਬੀ.1.612 ਦਾ ਕ੍ਰਮਵਾਰ 21 ਫ਼ੀਸਦੀ ਤੇ 7 ਫ਼ੀਸਦੀ ਅਨੁਪਾਤ ਵੇਖਣ ਨੂੰ ਮਿਲਿਆ। ਆਲਮੀ ਸਿਹਤ ਸੰਸਥਾ ਮੁਤਾਬਕ ਕੋਵਿਡ- 19 ਦੇ ਹੋਰ ਰੂਪਾਂ ਦੇ ਮੁਕਾਬਲੇ ਬੀ.1.1.7 ਅਤੇ ਬੀ.1.612 ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ। ਜਾਣਕਾਰੀ ਮੁਤਾਬਕ ਭਾਰਤ ਤੋਂ ਬਾਹਰ ਯੂਕੇ ਵਿੱਚ ਬੀ.1.617 ਉਪ ਸਮੂਹ ਦੇ ਕੇਸਾਂ ਦੀ ਸਭ ਤੋਂ ਵੱਧ ਗਿਣਤੀ ਦਰਜ ਕੀਤੀ ਗਈ ਹੈ ਤੇ ਹਾਲ ਹੀ ’ਚ ਬੀ.1.617.2 ਨੂੰ ‘ਚਿੰਤਾਜਨਕ ਕੌਮੀ ਰੂਪ’ ਦੱਸਿਆ ਗਿਆ ਹੈ। ਕੋਵਿਡ- 19 ਸਬੰਧੀ ਦਿੱਤੇ ਗਏ ਸਮੁੱਚੇ ਮੁਲਾਂਕਣ ਮੁਤਾਬਕ ਇਸ ਹਫ਼ਤੇ ਵਿਸ਼ਵ ਪੱਧਰ ’ਤੇ ਕੋਵਿਡ- 19 ਦੇ ਕੇਸਾਂ ਤੇ ਮੌਤਾਂ ਦੀ ਗਿਣਤੀ ’ਚ ਕਮੀ ਆਈ ਹੈ, ਜਿਸ ਦੌਰਾਨ ਕੁੱਲ 5.5 ਕੇਸ ਮਿਲੇ ਹਨ ਜਦਕਿ 90,000 ਤੋਂ ਵੱਧ ਮੌਤਾਂ ਹੋਈਆਂ ਹਨ। ਪਿਛਲੇ ਹਫ਼ਤੇ ਦੇ ਮੁਕਾਬਲੇ ਦੱਖਣੀ-ਪੂਰਬੀ ਖਿੱਤੇ ਵਿੱਚ 2.8 ਮਿਲੀਅਨ ਨਵੇਂ ਕੇਸ ਸਾਹਮਣੇ ਆਏ ਤੇ 29,000 ਮੌਤਾਂ ਹੋਈਆਂ ਜੋ ਕ੍ਰਮਵਾਰ 6 ਫ਼ੀਸਦੀ ਤੇ 15 ਫ਼ੀਸਦੀ ਵਾਧਾ ਦਰਸਾਉਂਦੀਆਂ ਹਨ। ਇਹ ਲਗਾਤਾਰ ਨੌਵਾਂ ਹਫ਼ਤਾ ਹੈ ਜਦੋਂ ਇਸ ਖਿੱਤੇ ਵਿੱਚ ਕੇਸਾਂ ਤੇ ਮੌਤਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਭਾਰਤ ਵਿੱਚ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਰਿਕਾਰਡ ਕੀਤੀ ਗਈ (26,820 ਨਵੀਂਂਆਂ ਮੌਤਾਂ; ਪ੍ਰਤੀ 1 ਲੱਖ ਪਿੱਛੇ 1.9 ਨਵੀਂਆਂ ਮੌਤਾਂ; 15 ਫ਼ੀਸਦੀ ਵਾਧਾ), ਇੰਡੋਨੇਸ਼ੀਆ (1190 ਨਵੀਆਂ ਮੌਤਾਂ; ਪ੍ਰਤੀ ਇੱਕ ਲੱਖ ਪਿੱਛੇ 0.4 ਨਵੀਆਂ ਮੌਤਾਂ)। -ਪੀਟੀਆਈ
ਸਾਰੇ ਤੱਥ ਅਧਿਐਨਾਂ ਦੇ ਆਧਾਰ ’ਤੇ ਜਾਰੀ ਕੀਤੇ: ਕਰਖੋਵ
ਆਲਮੀ ਸਿਹਤ ਸੰਸਥਾ ਵਿੱਚ ਕੋਵਿਡ- 19 ਦੀ ਤਕਨੀਕੀ ਮੁਖੀ ਡਾ. ਮਾਰੀਆ ਵੈਨ ਕਰਖੋਵ ਨੇ ਕਿਹਾ ਕਿ ਐਪੀਡੈਮਿਕ ਟੀਮ ਅਤੇ ਡਬਲਿਊਐੱਚਓ ਲੈਬ ਟੀਮ ਵੱਲੋਂ ਡਬਲਿਊਐੱਚਓ ਵਾਇਰਸ ਐਵੋਲਿਊਸ਼ਨ ਵਰਕਿੰਗ ਗਰੁੱਪ ਨਾਲ ਬੀ.1617 ਬਾਰੇ ਚਰਚਾ ਕੀਤੀ ਜਾਂਦੀ ਰਹੀ ਹੈ ਅਤੇ ਅਸੀਂ ਇਸ ਬਾਰੇ ਉਪਰੋਕਤ ਤੱਥ ਕੋਵਿਡ- 19 ਦੇ ਫੈਲਾਅ ਤੇ ਭਾਰਤ ਅਤੇ ਹੋਰ ਮੁਲਕਾਂ ਵਿੱਚ ਇਸ ਵਾਇਰਸ ਦੇ ਫੈਲਣ ਸਬੰਧੀ ਚੱਲ ਰਹੇ ਅਧਿਐਨਾਂ ਦੇ ਆਧਾਰ ’ਤੇ ਜਾਰੀ ਕੀਤੇ ਹਨ।
ਵਿਸ਼ਵ ਪੱਧਰ ’ਤੇ ਕੁੱਲ ਕੇਸਾਂ ਦਾ 50 ਫ਼ੀਸਦੀ ਹਿੱਸਾ ਭਾਰਤ ਵਿੱਚ ਮਿਲਣ ਦਾ ਦਾਅਵਾ
ਵਿਸ਼ਵ ਪੱਧਰ ’ਤੇ ਕੁੱਲ ਕੇਸਾਂ ਦਾ 50 ਫ਼ੀਸਦੀ ਹਿੱਸਾ ਭਾਰਤ ਵਿੱਚ ਹੀ ਮਿਲਿਆ ਹੈ ਜਦਕਿ ਕੁੱਲ ਮੌਤਾਂ ’ਚੋਂ 30 ਫ਼ੀਸਦੀ ਭਾਰਤ ਵਿੱਚ ਹੀ ਹੋਈਆਂ ਹਨ। ਗੁਆਂਢੀ ਮੁਲਕਾਂ ਵਿੱਚ ਚਿੰਤਾਜਨਕ ਰੁਝਾਨ ਵੇਖਣ ਨੂੰ ਮਿਲੇ ਹਨ। ਭਾਰਤ ਤੋਂ ਨਵੇਂ ਕੇਸਾਂ ਦੀ ਸਭ ਤੋਂ ਵੱਧ ਗਿਣਤੀ ਦਰਜ ਕੀਤੀ ਗਈ ਹੈ (2,738,957 ਨਵੇਂ ਕੇਸ; 5 ਫ਼ੀਸਦੀ ਵਾਧਾ), ਬ੍ਰਾਜ਼ੀਲ (423,438 ਨਵੇਂ ਕੇਸ; ਪਿਛਲੇ ਹਫ਼ਤੇ ਦੇ ਬਰਾਬਰ), ਅਮਰੀਕਾ (334,784 ਨਵੇਂ ਕੇਸ; 3 ਫ਼ੀਸਦੀ ਕਮੀ), ਤੁਰਕੀ (166,733 ਨਵੇਂ ਕੇਸ; 35 ਫ਼ੀਸਦੀ ਕਮੀ)।