ਕਰਾਚੀ, 6 ਜੁਲਾਈ
ਪਾਕਿਸਤਾਨ ਦੇ ਜਿਸ ਵਿਅਕਤੀ ਦੀ ਪਿਛਲੇ ਹਫ਼ਤੇ ਕਰਾਚੀ ਵਿੱਚ ਲੁਟੇਰਾ ਹੋਣ ਦੇ ਸ਼ੱਕ ਵਿੱਚ ਭੀੜ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ, ਉਹ ਬੇਕਸੂਰ ਸੀ ਅਤੇ ਨਿੱਜੀ ਝਗੜੇ ਕਾਰਨ ਉਸ ਦੇ ਗੁਆਂਢੀਆਂ ਨੇ ਉਸ ਨੂੰ ਫਸਾਇਆ ਸੀ। ਇਹ ਜਾਣਕਾਰੀ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦਿੱਤੀ ਹੈ। ਇਸ ਘਟਨਾ ਮਗਰੋਂ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਕਸਬਾ ਕਲੋਨੀ ਵਿੱਚ ਉਸ ਦੇ ਗੁਆਂਢੀਆਂ ਨੇ ਹਿੰਸਕ ਪ੍ਰਦਰਸ਼ਨ ਕੀਤਾ ਸੀ, ਜਿਸ ਵਿੱਚ ਦੋ ਵਿਅਕਤੀ ਮਾਰੇ ਗਏ ਸਨ। ਐੱਸਐੱਸਪੀ ਮਾਰੂਫ ਉਸਮਾਨ ਨੇ ਦੱਸਿਆ ਕਿ ਕਮੇਟੀ ਵੱਲੋਂ ਜਾਂਚ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰਿਆ ਗਿਆ ਵਿਅਕਤੀ ਲੁਟੇਰਾ ਨਹੀਂ ਸੀਂ ਸਗੋਂ ਸਨੂਕਰ ਕਲੱਬ ਵਿੱਚ ਝਗੜਾ ਹੋਣ ਮਗਰੋਂ ਉਸ ਦੇ ਤਿੰਨ ਗੁਆਂਢੀਆਂ ਨੇ ਉਸ ਨੂੰ ਫਸਾਇਆ ਸੀ। -ਪੀਟੀਆਈ