ਪੋਰਟਲੈਂਡ, 14 ਜੁਲਾਈ
ਟਾਇਟੈਨਿਕ ਜਹਾਜ਼ ਦੇ ਮਲਬੇ ਤੱਕ ਪਹੁੰਚ ਬਣਾਉਣ ਦੀ ਮੁਹਿੰਮ ’ਚ ਕੰਪਨੀ ਜੁਟੀ ਹੋਈ ਹੈ। ਮਿਸ਼ਨ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਪਣਡੁੱਬੀ ਹਾਦਸੇ ’ਚ ਪੰਜ ਵਿਅਕਤੀਆਂ ਦੀ ਮੌਤ ਦੇ ਇਕ ਸਾਲ ਬਾਅਦ ਉਹ ਟੀਚਾ ਹਾਸਲ ਕਰਨ ਦੀ ਕੋਸ਼ਿਸ਼ ’ਚ ਹਨ। ਜੌਰਜੀਆ ਸਥਿਤ ਕੰਪਨੀ ਆਰਐੱਮਐੱਸ ਟਾਇਟੈਨਿਕ ਇੰਕ. ਕੋਲ ਜਹਾਜ਼ ਦਾ ਮਲਬਾ ਬਚਾਉਣ ਦੇ ਕਾਨੂੰਨੀ ਅਧਿਕਾਰ ਹਨ ਜੋ 1912 ’ਚ ਉੱਤਰੀ ਐਟਲਾਂਟਿਕ ਮਹਾਸਾਗਰ ’ਚ ਡੁੱਬ ਗਿਆ ਸੀ। ਸਾਲ 2010 ਮਗਰੋਂ ਕੰਪਨੀ ਦੀ ਪਹਿਲੀ ਮੁਹਿੰਮ ਸ਼ੁੱਕਰਵਾਰ ਨੂੰ ਪ੍ਰੋਵਿਡੈਂਸ, ਰੋਡ ਆਈਲੈਂਡ ਤੋਂ ਸ਼ੁਰੂ ਹੋਈ। ਇਹ ਮੁਹਿੰਮ ਅਜਿਹੇ ਸਮੇਂ ਸ਼ੁਰੂ ਹੋ ਰਹੀ ਹੈ ਜਦੋਂ ਦੁਨੀਆ ਭਰ ਦੇ ਖੋਜੀ ਜੂਨ 2023 ’ਚ ਪਣਡੁੱਬੀ ’ਚ ਹੋਏ ਧਮਾਕੇ ਤੋਂ ਅਜੇ ਵੀ ਹੈਰਾਨ-ਪ੍ਰੇਸ਼ਾਨ ਹਨ। ਆਰਐੱਮਐੱਸਟੀ ਇੰਕ. ਦੀ ਮੁਖੀ ਜੈਸਿਕਾ ਸੈਂਡਰਸ ਨੇ ਕਿਹਾ ਕਿ ਮਿਸਟਰ ਟਾਇਟੈਨਿਕ ਵਜੋਂ ਜਾਣੇ ਜਾਂਦੇ ਨਾਰਗੇਓਲੇਟ ਦੇ ਦੇਹਾਂਤ ਮਗਰੋਂ ਇਹ ਮਿਸ਼ਨ ਹੋਰ ਅਹਿਮ ਹੋ ਗਿਆ ਹੈ। ਨਾਰਗੇਓਲੇਟ ਨੇ ਟਾਇਟੈਨਿਕ ’ਚ 35 ਤੋਂ ਵੱਧ ਗੋਤੇ ਲਾਏ ਸਨ। ਕੰਪਨੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਮੁਹਿੰਮ ਦੌਰਾਨ ਆਧੁਨਿਕ ਇਮੇਜਿੰਗ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਟਾਇਟੈਨਿਕ ਦੇ ਮਲਬੇ ਵਾਲੀ ਥਾਂ ਅਤੇ ਖੇਤਰ ਦਾ ਜਾਇਜ਼ਾ ਲਿਆ ਜਾ ਸਕੇ। ਜਹਾਜ਼ ਡੀਨੋ ਚੌਸਟ ਨੂੰ ਮੌਕੇ ਤੱਕ ਪਹੁੰਚਣ ’ਚ ਕਈ ਦਿਨ ਲੱਗਣਗੇ ਅਤੇ 13 ਅਗਸਤ ਦੇ ਨੇੜੇ ਉਸ ਦੇ ਵਾਪਸ ਆਉਣ ਦੀ ਯੋਜਨਾ ਹੈ। -ਏਪੀ