ਸੰਯੁਕਤ ਰਾਸ਼ਟਰ, 14 ਜੁਲਾਈ
ਸੰਯੁਕਤ ਰਾਸ਼ਟਰ (ਯੂਐੱਨ) ਦੀ ਇਕ ਰਿਪੋਰਟ ਦੀ ਮੰਨੀਏ ਤਾਂ ਭਾਰਤ ਵਿੱਚ ਪੌਸ਼ਟਿਕ ਖੁਰਾਕ ਤੋਂ ਵਾਂਝੇ ਲੋਕਾਂ ਦੀ ਗਿਣਤੀ ਵਿੱਚ ਵੱਡਾ ਨਿਘਾਰ ਆਇਆ ਹੈ। ਰਿਪੋਰਟ ਮੁਤਾਬਕ ਭਾਰਤ ਵਿੱਚ ਅਜਿਹੇ ਲੋਕ ਜਿਨ੍ਹਾਂ ਨੂੰ ਢੁਕਵੀਂ ਪੌਸ਼ਟਿਕ ਖੁਰਾਕ ਨਹੀਂ ਮਿਲਦੀ, ਦੀ ਗਿਣਤੀ 6 ਕਰੋੜ ਤਕ ਘੱਟ ਗਈ ਹੈ। ਸਾਲ 2004-06 ਵਿੱਚ ਜਿਹੜਾ ਅੰਕੜਾ 21.7 ਫੀਸਦ ਸੀ, ਉਹ ਸਾਲ 2017-19 ਵਿੱਚ 14 ਫੀਸਦ ਰਹਿ ਗਿਆ ਹੈ। ‘ਵਿਸ਼ਵ ਵਿੱਚ ਖੁਰਾਕ ਸੁਰੱਖਿਆ ਤੇ ਪੌਸ਼ਟਿਕ ਭੋਜਨ ਦੀ ਸਥਿਤੀ’ ਨਾਂ ਦੀ ਇਸ ਰਿਪੋਰਟ ਮੁਤਾਬਕ ਭਾਰਤ ਵਿੱਚ ਭੁਖਮਰੀ ਦਾ ਸ਼ਿਕਾਰ ਲੋਕਾਂ ਦੀ ਗਿਣਤੀ 2004-06 ਵਿੱਚ 249.4 ਮਿਲੀਅਨ ਦੇ ਕਰੀਬ ਸੀ ਤੋਂ ਅਗਲੇ ਇਕ ਦਹਾਕੇ 2017-19 ਵਿੱਚ ਘੱਟ ਕੇ 189.2 ਮਿਲੀਅਨ ਰਹਿ ਗਈ। ਰਿਪੋਰਟ ਦੀ ਮੰਨੀਏ ਤਾਂ ਏਸ਼ੀਆ ਮਹਾਦੀਪ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਭਾਰਤ ਤੇ ਚੀਨ ਵਿੱਚ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਿੱਚ ਵੱਡਾ ਨਿਘਾਰ ਆਇਆ ਹੈ। ਰਿਪੋਰਟ ਮੁਤਾਬਕ ਸਖ਼ਤ ਮੁਸ਼ਕਲ ਹਾਲਾਤਾਂ, ਇਤਿਹਾਸ ਤੇ ਵਿਕਾਸ ਦੀ ਦਰ ਨੂੰ ਵੇਖਦਿਆਂ ਭੁੱਖਮਰੀ ਵਿੱਚ ਨਿਘਾਰ ਨਾਲ ਦੋਵਾਂ ਮੁਲਕਾਂ ਨੇ ਆਰਥਿਕ ਵਿਕਾਸ ਵੱਲ ਕਦਮ ਵਧਾਏ ਹਨ। ਇਸ ਨਾਲ ਨਾ ਸਿਰਫ਼ ਨਾਬਰਾਬਰੀ ਘਟੀ ਬਲਕਿ ਬੁਨਿਆਦੀ ਵਸਤਾਂ ਤੇ ਸੇਵਾਵਾਂ ਤਕ ਰਸਾਈ ਵਿੱਚ ਵੀ ਸੁਧਾਰ ਹੋਇਆ। ਰਿਪੋਰਟ ਨੂੰ ਯੂਐੱਨ ਦੀ ਖੁਰਾਕ ਤੇ ਖੇਤੀ ਜਥੇਬੰਦੀ (ਐੱਫਏਓ), ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰ ਡਿਵੈਲਪਮੈਂਟ (ਆਈਐੱਫਏਡੀ), ਯੂਨੀਸੈੱੱਫ, ਡਬਲਿਊਐੱਫਪੀ ਤੇ ਡਬਲਿਊਐੱਚਓ ਨੇ ਮਿਲ ਕੇ ਤਿਆਰ ਕੀਤਾ ਹੈ।
-ਪੀਟੀਆਈ