ਵਿਲਮਿੰਗਟਨ, 12 ਅਗਸਤ
ਅਮਰੀਕਾ ਦੀ ਖ਼ੁਫ਼ੀਆ ਏਜੰਸੀ ਐੱਫਬੀਆਈ ਦੇ ਸਿਨਸਿਨਾਟੀ ਦਫ਼ਤਰ ’ਚ ਜਬਰੀ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਹਥਿਆਰਬੰਦ ਵਿਅਕਤੀ ਨੂੰ ਪੁਲੀਸ ਨੇ ਮਾਰ ਮੁਕਾਇਆ।
ਓਹਾਈਓ ਸਟੇਟ ਹਾਈਵੇਅ ਗਸ਼ਤੀ ਦਲ ਮੁਤਾਬਕ ਇਹ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਅਤੇ ਦਿਹਾਤੀ ਇਲਾਕੇ ’ਚ ਕਈ ਘੰੰਟਿਆਂ ਤੱਕ ਉਸ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਮਗਰੋਂ ਉਹ ਮਾਰਿਆ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਫਲੋਰੀਡਾ ਅਸਟੇਟ ’ਤੇ ਤਲਾਸ਼ੀ ਮਗਰੋਂ ਚਿਤਾਵਨੀ ਦਿੱਤੀ ਗਈ ਸੀ ਕਿ ਸੰਘੀ ਏਜੰਟਾਂ ’ਤੇ ਹਮਲੇ ਹੋ ਸਕਦੇ ਹਨ।
ਮੰਨਿਆ ਜਾ ਰਿਹਾ ਹੈ ਕਿ ਇਹ ਵਿਅਕਤੀ 6 ਜਨਵਰੀ, 2021 ਨੂੰ ਅਮਰੀਕੀ ਸੰਸਦ ’ਤੇ ਹੋਏ ਹਮਲੇ ਵੇਲੇ ਵੀ ਘਟਨਾ ਸਥਾਨ ’ਤੇ ਹਾਜ਼ਰ ਸੀ। ਮਾਰੇ ਗਏ ਵਿਅਕਤੀ ਦੀ ਪਛਾਣ ਰਿਕੀ ਸ਼ਿਫਰ (42) ਵਜੋਂ ਹੋਈ ਹੈ। ਅਧਿਕਾਰੀਆਂ ਵੱਲੋਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਪ੍ਰਾਊਡ ਬੁਆਇਜ਼ ਸਮੇਤ ਹੋਰ ਸੱਜੇ ਪੱਖੀ ਕੱਟੜਵਾਦੀ ਗੁੱਟਾਂ ਨਾਲ ਤਾਂ ਨਹੀਂ ਜੁੜਿਆ ਹੋਇਆ ਸੀ। ਮੁਕਾਬਲੇ ਵਾਲੀ ਥਾਂ ਵੱਲ ਜਾਂਦੀਆਂ ਸੜਕਾਂ ’ਤੇ ਆਵਾਜਾਈ ਰੋਕ ਦਿੱਤੀ ਗਈ ਸੀ ਅਤੇ ਇਲਾਕੇ ’ਚ ਹੈਲੀਕਾਪਟਰ ਵੀ ਮੁਲਜ਼ਮ ’ਤੇ ਨਜ਼ਰ ਰੱਖ ਰਿਹਾ ਸੀ। ਪੁਲੀਸ ਨੇ ਜਿਵੇਂ ਹੀ ਰਿਕੀ ਨੂੰ ਘੇਰਾ ਪਾਇਆ ਅਤੇ ਉਸ ਨੂੰ ਆਤਮ ਸਮਰਪਣ ਲਈ ਕਿਹਾ ਤਾਂ ਉਸ ਨੇ ਬੰਦੂਕ ਕੱਢ ਲਈ। ਪੁਲੀਸ ਨੇ ਜਵਾਬੀ ਕਾਰਵਾਈ ਕਰਦਿਆਂ ਉਸ ਨੂੰ ਮਾਰ ਮੁਕਾਇਆ। -ਏਪੀ