ਇਸਲਾਮਾਬਾਦ, 17 ਮਈ
ਪਾਕਿਸਤਾਨ ਸਰਕਾਰ ਨੇ ਵਿਰੋਧੀ ਧਿਰ ਦੇ ਆਗੂ ਸ਼ਹਬਿਾਜ਼ ਸ਼ਰੀਫ਼ ਦਾ ਨਾਂ ‘ਉਡਾਣ ਪਾਬੰਦੀ’ ਸੂਚੀ ’ਚ ਸ਼ਾਮਲ ਕਰ ਲਿਆ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸ਼ਹਬਿਾਜ਼ ਸ਼ਰੀਫ ਹੁਣ ਉਹ ਇਲਾਜ ਲਈ ਮੁਲਕ ਤੋਂ ਬਾਹਰ ਨਹੀਂ ਜਾ ਸਕੇਗਾ। ਇਸ ਮਹੀਨੇ ਦੇ ਸ਼ੁਰੂ ’ਚ ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਹਬਿਾਜ਼ ਸ਼ਰੀਫ਼ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ। ਜ਼ਮਾਨਤ ਮਿਲਣ ਮਗਰੋਂ ਸ਼ਹਬਿਾਜ਼ ਨੇ 8 ਮਈ ਨੂੰ ਲੰਡਨ ਜਾਣਾ ਸੀ ਪਰ ਸੰਘੀ ਜਾਂਚ ਏਜੰਸੀ ਦੀ ਟੀਮ ਨੇ ਉਸ ਨੂੰ ਹਵਾਈ ਅੱਡੇ ’ਤੇ ਰੋਕ ਲਿਆ ਅਤੇ ਦੱਸਿਆ ਕਿ ਉਸ ਦਾ ਨਾਂ ਆਰਜ਼ੀ ਕੌਮੀ ਪਛਾਣ ਸੂਚੀ ’ਚ ਹੈ ਜੋ ਮੁਲਕ ਛੱਡਣ ’ਤੇ ਆਰਜ਼ੀ ਰੋਕ ਲਾਉਂਦੀ ਹੈ। ਗ੍ਰਹਿ ਮੰਤਰੀ ਸ਼ੇਖ਼ ਰਸ਼ੀਦ ਅਹਿਮਦ ਨੇ ਅੱਜ ਕਿਹਾ ਕਿ ਸ਼ਹਬਿਾਜ਼ ਦਾ ਨਾਂ ਸੰਘੀ ਕੈਬਨਿਟ ਦੀ ਪ੍ਰਵਾਨਗੀ ਤੋਂ ਬਾਅਦ ਨਿਕਾਸੀ ਕੰਟਰੋਲ ਸੂਚੀ ’ਚ ਰੱਖਿਆ ਗਿਆ ਹੈ। ਉਨ੍ਹਾਂ ਮੁਤਾਬਕ ਸ਼ਹਬਿਾਜ਼ ਨੇ ਵਿਦੇਸ਼ ਯਾਤਰਾ ਲਈ ਕੋਈ ਮੈਡੀਕਲ ਦਸਤਾਵੇਜ਼ ਜਮਾਂ ਨਹੀਂ ਕਰਵਾਏ ਹਨ ਅਤੇ ਨਾ ਹੀ ਆਪਣੀ ਬਿਮਾਰੀ ਦੇ ਇਲਾਜ ਬਾਰੇ ਦੱਸਿਆ ਹੈ। -ਪੀਟੀਆਈ