ਇਸਲਾਮਾਬਾਦ: ਪਾਕਿਸਤਾਨ ਦੀ ਸੰਸਦ ਦੇ ਸਪੀਕਰ ਤੇ ਸੰਸਦ ਮੈਂਬਰਾਂ ਦੇ ਵਫ਼ਦ ਨੂੰ ਲਿਜਾ ਰਹੇ ਇਕ ਹਵਾਈ ਜਹਾਜ਼ ਨੂੰ ਕਾਬੁਲ ਦੇ ਹਵਾਈ ਅੱਡੇ ’ਤੇ ਉਤਰਨ ਨਹੀਂ ਦਿੱਤਾ ਗਿਆ ਤੇ ਸੁਰੱਖਿਆ ਕਾਰਨਾਂ ਕਰ ਕੇ ਵਾਪਸ ਭੇਜ ਦਿੱਤਾ ਗਿਆ। ਵੇਰਵਿਆਂ ਮੁਤਾਬਕ ਹਵਾਈ ਅੱਡੇ ਨੇੜੇ ਕਈ ਸਾਲ ਪੁਰਾਣੀ ਦੱਬੀ ਹੋਈ ਧਮਾਕਾਖ਼ੇਜ਼ ਸਮੱਗਰੀ ਮਿਲੀ ਹੈ। ਕੌਮੀ ਸੰਸਦ ਦੇ ਸਪੀਕਰ ਅਸਦ ਕੈਸਰ ਨੌਂ ਮੈਂਬਰੀ ਵਫ਼ਦ ਨਾਲ ਕਾਬੁਲ ਜਾ ਰਹੇ ਸਨ। ਉਹ ਆਪਣੇ ਅਫ਼ਗਾਨੀ ਹਮਰੁਤਬਾ ਦੇ ਸੱਦੇ ਉਤੇ ਕਾਬੁਲ ਦੇ ਤਿੰਨ ਦਿਨਾ ਦੌਰੇ ’ਤੇ ਜਾ ਰਹੇ ਸਨ। ਸਰਕਾਰੀ ਬੁਲਾਰੇ ਮੁਤਾਬਕ ਜਹਾਜ਼ ਇਸਲਾਮਾਬਾਦ ਤੋਂ ਉਡਿਆ ਸੀ। ਜਹਾਜ਼ ਹਾਲੇ ਹਵਾ ’ਚ ਹੀ ਸੀ ਕਿ ਅਮਲੇ ਨੂੰ ਜਾਣੂ ਕਰਵਾਇਆ ਗਿਆ ਕਿ ਸੁਰੱਖਿਆ ਕਾਰਨਾਂ ਕਰ ਕੇ ਕਾਬੁਲ ਹਵਾਈ ਅੱਡਾ ਬੰਦ ਕੀਤਾ ਗਿਆ ਹੈ। -ਪੀਟੀਆਈ