ਆਸਟਰੇਲੀਆ: ਭਾਰਤ ਹਾਈ ਕਮਿਸ਼ਨ ਅੱਗੇ ਰੋਸ ਮੁਜ਼ਾਹਰਾ
ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 7 ਦਸੰਬਰ
ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਸਥਿਤ ਭਾਰਤੀ ਹਾਈ ਕਮਿਸ਼ਨ ਅੱਗੇ ਕਿਸਾਨ ਸੰਘਰਸ਼ ਦੇ ਸਮਰਥਨ ’ਚ ਆਸਟਰੇਲੀਆ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਹੈ।
ਇਸ ’ਚ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਨੇ ਸ਼ਮੂਲੀਅਤ ਕੀਤੀ। ਜਥੇਬੰਦੀਆਂ ਦੇ ਬੁਲਾਰਿਆਂ ਨੇ ਆਪਣੇ ਸੰਬੋਧਨ ’ਚ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨਾਂ ਦੌਰਾਨ ਹਾਈ ਕਮਿਸ਼ਨ ਅੱਗੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਕਮਿਸ਼ਨ ਦਾ ਕੋਈ ਵੀ ਅਧਿਕਾਰੀ ਜਾਂ ਨੁਮਾਇੰਦਾ ਬਾਹਰ ਨਹੀਂ ਆਇਆ। ਹਾਲਾਂਕਿ ਮਾਈਕ ਜ਼ਰੀਏ ਬੁਲਾਰਿਆਂ ਨੇ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਸਥਾਨਕ ਗੁਰੂਘਰ ਦੇ ਸਹਿਯੋਗ ਨਾਲ ਭਾਈਚਾਰੇ ਵੱਲੋਂ ਪਹੁੰਚੀ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੱਛਮੀ ਆਸਟਰੇਲੀਆ ਦੀ ਸੰਸਦ ਅੱਗੇ ਵੀ ਵੱਡੀ ਗਿਣਤੀ ’ਚ ਲੋਕ ਕਿਸਾਨਾਂ ਦੇ ਸਮਰਥਨ ’ਚ ਇਕੱਠੇ ਹੋਏ, ਪਰਥ ’ਚ ਹੋਏ ਇਸ ਪ੍ਰਦਰਸ਼ਨ ਵਿਚ ਹਰ ਵਰਗ ਨੇ ਸ਼ਮੂਲੀਅਤ ਕੀਤੀ। ਵਿਕਟੋਰੀਆ ਦੇ ਬੈਲਾਰਾਟ ਸਣੇ ਕਈ ਹੋਰ ਕਸਬਿਆਂ ਵਿੱਚ ਵੀ ਪੰਜਾਬੀ ਭਾਈਚਾਰੇ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ।
ਵਿਨੀਪੈਗ: ਕਿਸਾਨਾਂ ਦੇ ਹੱਕ ’ਚ ਕਾਰ ਰੈਲੀ ਕੱਢੀ
ਸੁਰਿੰਦਰ ਮਾਵੀ
ਵਿਨੀਪੈਗ, 7 ਦਸੰਬਰ
ਭਾਰਤੀ ਕਿਸਾਨਾਂ ਦੇ ਅੰਦੋਲਨ ਦੀ ਦੁਨੀਆ ਭਰ ਵਿਚ ਚਰਚਾ ਹੋ ਰਹੀ ਹੈ। ਵਿਦੇਸ਼ਾਂ ’ਚ ਵਸਦੇ ਪੰਜਾਬੀ ਵੀ ਕਿਸਾਨਾਂ ਦੀ ਹਮਾਇਤ ’ਚ ਅੱਗੇ ਆ ਗਏ ਹਨ। ਕਿਸਾਨੀ ਸੰਘਰਸ਼ ਨੂੰ ਆਪਣਾ ਸਮਰਥਨ ਦੇਣ ਲਈ ਕੈਨੇਡਾ ਦੇ ਵਿਨੀਪੈਗ ’ਚ ਪੰਜਾਬੀਆਂ ਨੇ ਕਾਰ ਰੈਲੀ ਕੱਢੀ। ਰੈਲੀ ’ਚ ਹਰ ਉਮਰ ਵਰਗ ਦੇ ਲੋਕ ਸ਼ਾਮਲ ਹੋਏ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ’ਤੇ ‘ਕਿਸਾਨ ਏਕਤਾ ਜ਼ਿੰਦਾਬਾਦ’, ‘ਕਾਲੇ ਕਾਨੂੰਨ ਵਾਪਸ ਲਵੋ’, ‘ਕਿਸਾਨਾਂ ਨੂੰ ਰੁਲਣ ਤੋਂ ਬਚਾਓ’, ‘ਦੁਨੀਆ ਦੇ ਅੰਨਦਾਤੇ ਤੋਂ ਉਸ ਦੇ ਹੱਕ ਨਾ ਖੋਹੋ’, ‘ਅੰਨਦਾਤੇ ਦੇ ਹੱਕ ਦੀ ਲੜਾਈ’ ਆਦਿ ਜਿਹੇ ਨਾਅਰੇ ਲਿਖੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਕਾਰਾਂ, ਟਰੱਕਾਂ ਅਤੇ ਮੋਟਰ ਸਾਈਕਲਾਂ ’ਤੇ ਵਿਨੀਪੈਗ ਸ਼ਹਿਰ ਦਾ ਚੱਕਰ ਲਗਾਇਆ ਅਤੇ ਕਿਸਾਨਾਂ ਦੇ ਹੱਕ ਵਿਚ ਨਾਅਰੇ ਲਗਾਉਂਦੇ ਰਹੇ। ਪ੍ਰਦਰਸ਼ਨ ਵਿਚ ਸ਼ਾਮਲ ਪੰਜਾਬੀ ਮੁਟਿਆਰਾਂ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਉਸ ਬਿਆਨ ਦੀ ਜ਼ੋਰਦਾਰ ਨਿਖੇਧੀ ਕੀਤੀ, ਜਿਸ ਵਿਚ ਉਸ ਨੇ ਕਿਸਾਨਾਂ ਦੇ ਪ੍ਰਦਰਸ਼ਨ ਵਿਚ ਸ਼ਾਮਲ ਹੋਈਆਂ ਬਜ਼ੁਰਗ ਮਹਿਲਾਵਾਂ ਸਬੰਧੀ ਇਤਰਾਜ਼ਯੋਗ ਬਿਆਨ ਦਿੱਤਾ ਸੀ। ਇਸ ਦੌਰਾਨ ਵੱਖ ਵੱਖ ਜਥੇਬੰਦੀਆਂ ਵੱਲੋਂ ਬਰੈਂਪਟਨ ’ਚ ਕਿਸਾਨਾਂ ਦੇ ਹੱਕ ’ਚ ਕਾਰ ਰੈਲੀਆਂ ਕੀਤੀਆਂ ਗਈਆਂ। ਰੈਲੀ ਦਾ ਪ੍ਰਬੰਧ ਸਰੋਕਾਰਾਂ ਦੀ ਆਵਾਜ਼, ਐਲਾਇੰਸ ਆਫ਼ ਪ੍ਰੋਗਰੈਸਿਵ ਕੈਨੇਡੀਅਨਜ਼, ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ, ਨੌਰਥ-ਅਮਰੀਕਨ ਤਰਕਸ਼ੀਲ ਸੁਸਾਇਟੀ ਓਂਟਾਰੀਓ, ਜੀਟੀਏ ਵੈਸਟ ਕਲੱਬ, ਕਮਿਊਨਿਸਟ ਪਾਰਟੀ ਆਫ਼ ਕੈਨੇਡਾ, ਦੇਸ਼ ਭਗਤ ਸਪੋਰਟਸ ਕਲਚਰਲ ਸੁਸਾਇਟੀ ਬਰੈਂਪਟਨ ਅਤੇ ਹੋਰਾਂ ਨੇ ਕੀਤਾ ਸੀ। ਰੈਲੀ ’ਚ 800 ਤੋਂ ਵੱਧ ਕਾਰਾਂ ਨੇ ਹਿੱਸਾ ਲਿਆ।
ਵੈਨਕੂਵਰ: ਸੜਕਾਂ ਕੰਢੇ ਟਰੈਕਟਰ ਖੜ੍ਹਾਏ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 7 ਦਸੰਬਰ
ਭਾਰਤ ਦੇ ਕਿਸਾਨ ਅੰਦੋਲਨ ਵਿਚ ਵਿਦੇਸ਼ੀ ਸਰਕਾਰਾਂ ਰਾਹੀਂ ਦਬਾਅ ਬਣਾਉਣ ਲਈ ਕੀਤੀਆਂ ਜਾ ਰਹੀਆਂ ਰੋਸ ਰੈਲੀਆਂ ਤਹਿਤ ਕੈਨੇਡਾ ’ਚ ਐਤਵਾਰ ਨੂੰ ਵੀ ਕਈ ਸ਼ਹਿਰਾਂ ਵਿਚ ਪ੍ਰਦਰਸ਼ਨ ਕੀਤੇ ਗਏ। ਸਰੀ ਦੇ ਨਿਊਟਨ ਖੇਤਰ, ਮੈਪਲ ਰਿੱਜ, ਮਿਸ਼ਨ, ਹੋਪ, ਐਬਟਸਫੋਰਡ, ਚਿਲਾਵੈਕ, ਮੈਰਿਟ, ਵਰਨਨ ਵਿਕਟੋਰੀਆ, ਬਰੈਂਪਟਨ, ਕੈਲਗਰੀ, ਮਿਨੀਟੋਬਾ, ਸਸਕੈਚਵਨ ਅਤੇ ਓਂਟਾਰੀਓ ਦੇ ਕਈ ਸ਼ਹਿਰਾਂ ਵਿਚ ਰੋਸ ਰੈਲੀਆਂ ਕੀਤੀਆਂ ਗਈਆਂ। ਬਹੁਤੇ ਕਿਸਾਨਾਂ ਨੇ ਆਪਣੇ ਟਰੈਕਟਰਾਂ ਉਤੇ ਝੰਡੇ ਅਤੇ ਤਖ਼ਤੀਆਂ ਟੰਗ ਕੇ ਸੜਕਾਂ ਕੰਢੇ ਖੜ੍ਹੇ ਕੀਤੇ ਹੋਏ ਸਨ। ਹਰ ਸ਼ਹਿਰ ਵਿਚ ਸੈਂਕੜੇ ਮਰਦ ਅਤੇ ਔਰਤਾਂ ਹੱਥਾਂ ਵਿਚ ਤਖ਼ਤੀਆਂ ਫੜ ਕੇ ਸੜਕਾਂ ਕੰਢੇ ਨਾਅਰੇਬਾਜ਼ੀ ਕਰਦੇ ਵੇਖੇ ਗਏ। ਮਿਸ਼ਨ ਸ਼ਹਿਰ ਦੇ ਕਿਸਾਨ ਰੌਬਰਟ ਨੀਲ ਨੂੰ ਪੰਜਾਬੀਆਂ ’ਚ ਕਿਸਾਨਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਵੇਖ ਕੇ ਬਹੁਤ ਚੰਗਾ ਲੱਗਾ। ਉਸ ਨੇ ਕਿਹਾ ਕਿ ਪੰਜਾਬੀਆਂ ਬਾਰੇ ਹੁਣ ਉਸ ਦੀ ਸੋਚ ਬਦਲ ਗਈ ਹੈ। ਲੈਂਗਲੀ ਦੇ ਕ੍ਰਿਸਟੋਫਰ ਨੇ ਕਿਹਾ ਕਿ ਹੁਣ ਉਸ ਨੂੰ ਯਕੀਨ ਹੋ ਗਿਆ ਕਿ ਪੰਜਾਬੀ ਕਿਸੇ ਦੀ ਧੌਂਸ ਨਹੀਂ ਕਬੂਲਦੇ।