ਬਚਿੱਤਰ ਕੁਹਾੜ
ਐਡੀਲੇਡ, 16 ਜੂਨ
ਇੱਥੇ ਰੰਗਕਰਮੀ ਸੰਸਥਾ ‘ਦਿ ਹਾਊਸ ਆਫ਼ ਥੈਸਪੀਅਨ’ ਵੱਲੋਂ ਹੋਪ ਟ੍ਰੇਨਿੰਗ ਕਾਲਜ ਆਫ਼ ਆਸਟਰੇਲੀਆ ਦੇ ਸਹਿਯੋਗ ਨਾਲ ਨਾਟਕਕਾਰ ਪ੍ਰੋ. ਪਾਲੀ ਭੁਪਿੰਦਰ ਸਿੰਘ ਦਾ ਲਿਖਿਆ ਨਾਟਕ ‘ਇਕ ਸੁਪਨੇ ਦਾ ਸਿਆਸੀ ਕਤਲ’ ਰੰਗਕਰਮੀ ਗੁਰਵਿੰਦਰ ਸਿੰਘ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਨਾਟਕ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਵੱਲੋਂ ਖ਼ੁਦ ਨਾਟਕ ਦੌਰਾਨ ਇਕ ਪ੍ਰੋਫੈਸਰ ਤੇ ਮੁੱਖ ਪਾਤਰ ਦਾ ਅਹਿਮ ਰੋਲ ਅਦਾ ਕਰਦਿਆਂ ਨਾਟਕ ਦੇ ਹਰੇਕ ਪਹਿਲੂ ਦਾ ਵਿਸਥਾਰ ਨਾਲੋ-ਨਾਲ ਕੀਤਾ ਗਿਆ। ਰੰਗਕਰਮੀ ਨਿਸ਼ਾਂਤ ਤਿਵਾੜੀ ਨੇ ਇਕ ਰਿਸ਼ਕਾ ਚਾਲਕ ਦੇ ਰੂਪ ਵਿੱਚ ਪਾਰਟੀ ਦੇ ਸਰਗਰਮ ਵਰਕਰ ਵੱਜੋਂ ਕੀਤੇ ਚੋਣ ਪ੍ਰਚਾਰ ਅਤੇ ਸਿਆਸੀ ਪਾਰਟੀਆਂ ਵੱਲੋਂ ਉਸ ਨੂੰ ਅਣਗੌਲਿਆਂ ਕਰਨ ਅਤੇ ਸਿਆਸੀ ਪਾਰਟੀਆਂ ਦੇ ਕੂਟਨੀਤਕ ਕਿਰਦਾਰ ਦੀ ਦਾਸਤਾਨ ਸੁਣਾਈ। ਕਲਾਕਾਰ ਰਵੀ ਸ਼ਿਲਪਾ ਵੱਲੋਂ ਪਤਨੀ, ਮਾਂ ਤੇ ਵਿਧਵਾ ਦਾ ਕਿਰਦਾਰ ਨਿਭਾਇਆ ਗਿਆ। ਕਲਾਕਾਰਾ ਸ਼ੈਰੀ ਮਹਿਤਾ, ਅਮਨਦੀਪ ਸਿੰਘ, ਜੌਲੀ ਗਰਗ ਆਦਿ ਵੱਲੋਂ ਨਾਟਕ ਦੇ ਵੱਖ-ਵੱਖ ਪਾਤਰਾਂ ਦੇ ਨਿਭਾਏ ਪ੍ਰਭਾਵਸ਼ਾਲੀ ਕਿਰਦਾਰ ਨੇ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਪਰਦੇ ਦੇ ਪਿੱਛੇ ਰਾਜਵੀਰ ਕੌਰ ਗਿੱਲ, ਰਾਜ ਸਰੋਆ ਅਤੇ ਸਿਮੋਨ ਸਿੰਘ ਨੇ ਨਾਟਕ ਵਿੱਚ ਸੰਗੀਤਕ ਧੁਨਾਂ, ਕਲਾਕਾਰਾਂ ਦਾ ਮੇਕ-ਅੱਪ ਤੇ ਲਾਈਟ ਅਤੇ ਆਵਾਜ਼ ਦੇਣ ਦੀ ਭੂਮਿਕਾ ਨਿਭਾਈ। ਨਾਟਕ ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਲੋਕਤੰਤਰੀ ਰਾਜ ਵਿੱਚ ਦੇਸ਼ ਵਾਸੀਆਂ ਵੱਲੋਂ ਚੰਗੇ ਸਮਾਜ ਸਿਰਜਣ ਦੇ ਲਏ ਸੁਪਨੇ ਟੁੱਟਣ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਪ੍ਰਚਾਰ ਦੌਰਾਨ ਝੂਠੇ ਸਬਜ਼ਬਾਗ ਵਿਖਾਉਣ ਤੇ ਸੱਤਾ ਹਾਸਲ ਕਰਨ ਮਗਰੋਂ ਸੱਤਾਧਾਰੀਆਂ ਦੇ ਕਿਰਦਾਰ ਅਤੇ ਖਾਸ ਕਰਕੇ ਪੰਜਾਬ ਦੇ ਵਾਸੀਆਂ ਵੱਲੋਂ ਹੰਢਾਏ ਸੰਤਾਪ ਨੂੰ ਵਿਸਥਾਰ ਨਾਲ ਬਿਆਨਿਆ ਗਿਆ। ਇਸ ਮੌਕੇ ਰੋਬੀ ਬੈਨੀਪਾਲ, ਮੋਹਣ ਸਿੰਘ ਮਲਹਾਂਸ ਤੇ ਹੋਰ ਹਾਜ਼ਰ ਸਨ।