ਲੰਡਨ, 6 ਅਗਸਤ
ਉੱਤਰੀ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਪੁਲੀਸ ’ਚ ਸਾਰਜੈਂਟ ਨੂੰ ਹਿਰਾਸਤ ਦੌਰਾਨ ਸਿੱਖ ਵਿਅਕਤੀ ਦਾ ਪਟਕਾ ਉਤਾਰਨ ਅਤੇ ਮਾੜਾ ਵਿਹਾਰ ਕਰਨ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਧਾਰਮਿਕ ਮਰਿਆਦਾ ਮੁਤਾਬਕ ਸਿਰ ਢੱਕਣ ਲਈ ਵਰਤੇ ਗਏ ਪਟਕੇ ਨੂੰ ਬਰਮਿੰਘਮ ਦੀ ਪੇਰੀ ਬਰ ਕਸਟਡੀ ’ਚ ਜਬਰੀ ਉਤਾਰਿਆ ਗਿਆ ਸੀ ਜਿਸ ਕਾਰਨ ਉਹ ਸਦਮੇ ’ਚ ਹੈ। ਉਸ ਨੇ ਦਾਅਵਾ ਕੀਤਾ ਕਿ ਅਕਤੂਬਰ 2021 ’ਚ ਵਾਪਰੀ ਘਟਨਾ ’ਚ ਉਸ ਨਾਲ ਅਪਮਾਨਜਨਕ ਵਿਵਹਾਰ ਵੀ ਕੀਤਾ ਗਿਆ ਸੀ ਅਤੇ ਇਹ ਨਸਲੀ ਵਿਤਕਰੇ ਦੀ ਘਟਨਾ ਸੀ। ਵੈਸਟ ਮਿਡਲੈਂਡਸ ਦੇ ਪੁਲੀਸ ਵਿਵਹਾਰ ਬਾਰੇ ਦਫ਼ਤਰ ਦੇ ਖੇਤਰੀ ਡਾਇਰਕੈਟਰ ਡੈਰਿਕ ਕੈਂਪਬੈੱਲ ਨੇ ਕਿਹਾ ਕਿ ਉਨ੍ਹਾਂ ਇਸ ਘਟਨਾ ਦੀ ਜਾਂਚ ਕੀਤੀ ਸੀ ਜਿਸ ਦਾ ਫਿਰਕੇ ’ਤੇ ਅਸਰ ਪਿਆ ਸੀ। ਇਸ ਕਾਰਨ ਸਥਾਨਕ ਪੱਧਰ ’ਤੇ ਨਾਰਾਜ਼ਗੀ ਦਾ ਮਾਹੌਲ ਵੀ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਵਿਅਕਤੀ ਨੇ ਜਿਸ ਕੱਪੜੇ ਨਾਲ ਸਿਰ ਢੱਕਿਆ ਹੋਇਆ ਸੀ, ਉਸ ’ਤੇ ਕੋਈ ਧਾਰਮਿਕ ਚਿੰਨ੍ਹ ਨਹੀਂ ਸੀ ਜਿਸ ਮਗਰੋਂ ਪੁਲੀਸ ਕਰਮੀ ਨੂੰ ਬਰੀ ਕਰ ਦਿੱਤਾ ਗਿਆ ਹੈ। -ਪੀਟੀਆਈ