* ਬੇਰੂਤ ’ਚ ਹਿਜ਼ਬੁੱਲਾ ਦੇ ਕਈ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
* ਹਿਜ਼ਬੁੱਲਾ ਦੀ ਸੰਚਾਰ ਡਿਵੀਜ਼ਨ ਦਾ ਮੁਖੀ ਮੁਹੰਮਦ ਰਾਸ਼ਿਦ ਸਕਾਫ਼ੀ ਹਲਾਕ
ਬੇਰੂਤ, 4 ਅਕਤੂਬਰ
ਇਜ਼ਰਾਈਲ ਨੇ ਦੇਰ ਰਾਤ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਬੇਰੂਤ ਦੇ ਦੱਖਣ ਵਾਲੇ ਪਾਸੇ ਜ਼ੋਰਦਾਰ ਹਵਾਈ ਹਮਲੇ ਕੀਤੇ। ਇਕ ਹੋਰ ਹਮਲੇ ’ਚ ਲਿਬਨਾਨ ਅਤੇ ਸੀਰੀਆ ਵਿਚਕਾਰ ਮੁੱਖ ਸਰਹੱਦੀ ਲਾਂਘੇ ਦਾ ਸੰਪਰਕ ਟੁੱਟ ਗਿਆ। ਇਸ ਲਾਂਘੇ ਤੋਂ ਲੱਖਾਂ ਲੋਕਾਂ ਨੇ ਡਰ ਦੇ ਮਾਰੇ ਸੀਰੀਆ ਵੱਲ ਚਾਲੇ ਪਾਏ ਹੋਏ ਹਨ। ਲੋਕਾਂ ਨੂੰ ਪੈਦਲ ਹੀ ਸੀਰੀਆ ਵੱਲ ਰਵਾਨਾ ਹੋਣਾ ਪੈ ਰਿਹਾ ਹੈ। ਇਜ਼ਰਾਇਲੀ ਫ਼ੌਜ ਦੇ ਹਮਲੇ ’ਚ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਲਿਬਨਾਨ ਦੀ ਨੈਸ਼ਨਲ ਨਿਊਜ਼ ਏਜੰਸੀ ਨੇ ਕਿਹਾ ਕਿ ਇਲਾਕੇ ’ਚ ਲਗਾਤਾਰ 10 ਤੋਂ ਵਧ ਹਵਾਈ ਹਮਲੇ ਹੋਏ ਹਨ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਬੇਰੂਤ ’ਤੇ ਇਕ ਦਿਨ ਪਹਿਲਾਂ ਕੀਤੇ ਗਏ ਹਮਲੇ ’ਚ ਹਿਜ਼ਬੁੱਲਾ ਦੀ ਸੰਚਾਰ ਡਿਵੀਜ਼ਨ ਦਾ ਮੁਖੀ ਮੁਹੰਮਦ ਰਾਸ਼ਿਦ ਸਕਾਫ਼ੀ ਮਾਰਿਆ ਗਿਆ। ਸ਼ੁੱਕਰਵਾਰ ਨੂੰ ਕੀਤੇ ਗਏ ਹਮਲਿਆਂ ਕਾਰਨ ਮਾਸਨਾ ਬਾਰਡਰ ਕਰਾਸਿੰਗ ਨੇੜੇ ਸੜਕ ਬੰਦ ਹੋ ਗਈ। ਸੜਕ ਦੇ ਦੋਵੇਂ ਪਾਸੇ ਦੋ ਵੱਡੇ-ਵੱਡੇ ਖੱਡੇ ਪੈ ਗਏ ਹਨ। ਹਵਾਈ ਹਮਲੇ ਤੋਂ ਇਕ ਦਿਨ ਪਹਿਲਾਂ ਇਜ਼ਰਾਇਲੀ ਫ਼ੌਜ ਦੇ ਤਰਜਮਾਨ ਨੇ ਕਿਹਾ ਸੀ ਕਿ ਹਿਜ਼ਬੁੱਲਾ ਸਰਹੱਦੀ ਲਾਂਘੇ ਰਾਹੀਂ ਫ਼ੌਜੀ ਹਥਿਆਰ ਅਤੇ ਹੋਰ ਸਾਜ਼ੋ-ਸਾਮਾਨ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਧਰ ਇਰਾਨ ਦਾ ਵਿਦੇਸ਼ ਮੰਤਰੀ ਅੱਬਾਸ ਅਰਾਗਸ਼ੀ ਬੇਰੂਤ ਪਹੁੰਚ ਗਿਆ ਹੈ ਜਿਥੇ ਉਸ ਦੇ ਲਿਬਨਾਨੀ ਅਧਿਕਾਰੀਆਂ ਨਾਲ ਜੰਗ ਬਾਰੇ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ। -ਏਪੀ