ਮਾਸਕੋ, 26 ਜੂਨ
ਪ੍ਰਾਈਵੇਟ ਫ਼ੌਜੀ ਗਰੁੱਪ ਵੱਲੋਂ ਕੀਤੀ ਬਗ਼ਾਵਤ ਤੋਂ ਬਾਅਦ ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਅੱਜ ਪਹਿਲੀ ਵਾਰ ਜਨਤਕ ਤੌਰ ‘ਤੇ ਸਾਹਮਣੇ ਆਏ। ਜ਼ਿਕਰਯੋਗ ਹੈ ਕਿ ਵੈਗਨਰ ਗਰੁੱਪ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਕਰ ਰਿਹਾ ਸੀ। ਮੰਤਰਾਲੇ ਵੱਲੋਂ ਰਿਲੀਜ਼ ਵੀਡੀਓ ਵਿਚ ਸ਼ੋਇਗੂ ਯੂਕਰੇਨ ‘ਚ ਆਪਣੀਆਂ ਸੈਨਾਵਾਂ ਦਾ ਜਾਇਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਰੂਸੀ ਰੱਖਿਆ ਮੰਤਰੀ ਤੇ ਹੋਰਾਂ ਤੋਂ ਨਾਰਾਜ਼ ਵੈਗਨਰ ਗਰੁੱਪ ਨੇ ਰੂਸੀ ਸ਼ਹਿਰ ਉਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਮਾਸਕੋ ਵੱਲ ਵੀ ਵਧਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਮਗਰੋਂ ਸ਼ਨਿਚਰਵਾਰ ਨੂੰ ਇਸ ਬਗਾਵਤ ਦਾ ਅੰਤ ਹੋ ਗਿਆ ਸੀ। ਹਾਲੇ ਤੱਕ ਇਸ ਬਾਰੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਵੈਗਨਰ ਗਰੁੱਪ ਦੇ ਮੁਖੀ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਰੱਖਿਆ ਮੰਤਰਾਲੇ ਵੱਲੋਂ ਜਾਰੀ ਵੀਡੀਓ ਵਿਚ ਸ਼ੋਇਗੂ ਇਕ ਹੈਲੀਕਾਪਟਰ ਵਿਚ ਜਾ ਰਹੇ ਹਨ ਤੇ ਮਗਰੋਂ ਫੌਜੀ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਵੀ ਨਜ਼ਰ ਆਉਂਦੇ ਹਨ। ਦੱਸਣਯੋਗ ਹੈ ਕਿ ਮਾਸਕੋ ਦੇ ਮੇਅਰ ਸਰਗੇਅ ਸੋਬਯਾਨਿਨ ਨੇ ਸ਼ਨਿਚਰਵਾਰ ਬਗਾਵਤ ਖ਼ਤਮ ਹੋਣ ਬਾਰੇ ਦੱਸਿਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੈਗਨਰ ਗਰੁੱਪ ਨੂੰ ਰਾਜਧਾਨੀ ਵੱਲ ਵਧਣ ਤੋਂ ਰੋਕਣ ਲਈ ਸੜਕਾਂ ਪੁੱਟ ਦਿੱਤੀਆਂ ਗਈਆਂ ਸਨ ਮਸ਼ੀਨ ਗੰਨਾਂ ਲਾਈਆਂ ਗਈਆਂ ਸਨ। ਕਰੈਮਲਿਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਵੈਗਨਰ ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਨਾਲ ਸਮਝੌਤਾ ਹੋ ਗਿਆ ਹੈ ਤੇ ਉਹ ਬੇਲਾਰੂਸ ਚਲੇ ਜਾਣਗੇ। ਉਨ੍ਹਾਂ ਨੂੰ ਸੈਨਿਕਾਂ ਦੇ ਨਾਲ ਆਮ ਮੁਆਫ਼ੀ ਦੇ ਦਿੱਤੀ ਗਈ ਹੈ। -ਏਪੀ