ਕਾਬੁਲ, 22 ਅਗਸਤ
ਅਫ਼ਗ਼ਾਨਿਸਤਾਨ ’ਤੇ ਤਾਲਿਬਾਨੀ ਲੜਾਕਿਆਂ ਦੇ ਕਾਬਜ਼ ਹੋਣ ਮਗਰੋਂ ਦੇਸ਼ ਛੱਡਣ ਲਈ ਕਾਹਲੇ ਤੇ ਕਾਬੁਲ ਹਵਾਈ ਅੱਡੇ ਦੇ ਬਾਹਰ ਨਿੱਤ ਜੁੜਦੇ ਹਜੂਮ ਨੂੰ ਕਾਬੂ ਕਰਨ ਵਿੱਚ ਤਾਲਿਬਾਨੀ ਦਸਤਿਆਂ ਨੂੰ ਵੱਡੀ ਮੁਸ਼ਕਲ ਆ ਰਹੀ ਹੈ। ਤਾਲਿਬਾਨੀ ਦਸਤਿਆਂ ਨੇ ਇਕੱਠੇ ਹੋਏ ਲੋਕਾਂ ਨੂੰ ਕਤਾਰਾਂ ਵਿੱਚ ਖੜ੍ਹਾਉਣ ਲਈ ਪਹਿਲਾਂ ਹਵਾ ਵਿੱਚ ਫਾਇਰਿੰਗ ਕੀਤੀ ਤੇ ਮਗਰੋਂ ਉਨ੍ਹਾਂ ’ਤੇ ਲਾਠੀਆਂ ਵੀ ਵਰ੍ਹਾਈਆਂ। ਚੇਤੇ ਰਹੇ ਕਿ ਲੰਘੇ ਦਿਨ ਹਵਾਈ ਅੱਡੇ ਦੇ ਗੇਟ ’ਤੇ ਮਚੀ ਭਗਦੜ ਦੌਰਾਨ ਸੱਤ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਪਰ ਅੱਜ ਹਥਿਆਰਬੰਦ ਤਾਲਿਬਾਨੀ ਵੱਲੋਂ ਕੀਤੀ ਸਖ਼ਤੀ ਦੌਰਾਨ ਲੋਕਾਂ ਦਾ ਕਿਸੇ ਵੱਡੀ ਸੱਟ-ਫੇਟ ਤੋਂ ਬਚਾਅ ਰਿਹਾ। ਇਸ ਦੌਰਾਨ ਇਕ ਨਾਟੋ ਅਧਿਕਾਰੀ ਨੇ ਕਿਹਾ ਕਿ ਪਿਛਲੇ ਸੱਤ ਦਿਨਾਂ ਦੌਰਾਨ ਹਵਾਈ ਅੱਡੇ ਦੇ ਅੰਦਰ ਤੇ ਬਾਹਰ ਘੱਟੋ-ਘੱਟ 20 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਕੁਝ ਨੂੰ ਗੋਲੀ ਲੱਗੀ ਜਦੋਂਕਿ ਕੁਝ ਧੱਕਾਮੁੱਕੀ ਦੌਰਾਨ ਮਚੀ ਭਗਦੜ ਵਿਚ ਮਾਰੇ ਗਏ। ਅਧਿਕਾਰੀ ਨੇ ਕਿਹਾ ਕਿ ਸਾਡੇ ਸੁਰੱਖਿਆ ਦਸਤਿਆਂ ਵੱਲੋਂ ਕਾਬੁਲ ਹਵਾਈ ਅੱਡੇ ਦੇ ਬਾਹਰਲੇ ਖੇਤਰ ਤੋਂ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ ਤਾਂ ਕਿ ਤਾਲਿਬਾਨ ਨਾਲ ਕਿਸੇ ਵੀ ਸਿੱਧੇ ਟਕਰਾਅ ਤੋਂ ਬਚਿਆ ਜਾ ਸਕੇ। ਉਧਰ ਪੈਂਟਾਗਨ ਦੇ ਤਰਜਮਾਨ ਨੇ ਕਿਹਾ ਕਿ ਅਮਰੀਕਾ ਕਾਬੁਲ ਹਵਾਈ ਅੱਡੇ ’ਤੇ 18 ਕਮਰਸ਼ੀਅਲ ਹਵਾਈ ਜਹਾਜ਼ ਤਾਇਨਾਤ ਕਰੇਗਾ, ਜਿਸ ਵਿੱਚ ਯੂਨਾਈਟਿਡ, ਅਮਰੀਕੀ ਏਅਰਲਾਈਨਜ਼ ਤੇ ਡੈਲਟਾ ਵੀ ਸ਼ਾਮਲ ਹਨ। -ਰਾਇਟਰਜ਼
ਅਫ਼ਗ਼ਾਨਿਸਤਾਨ ’ਚ ਨਵੀਂ ਸਰਕਾਰ ਦੇ ਗਠਨ ਲਈ ਯਤਨ ਜਾਰੀ
ਕਾਬੁਲ: ਤਾਲਿਬਾਨ ਆਗੂਆਂ ਵੱਲੋਂ ਮੁਲਕ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਯਤਨ ਜਾਰੀ ਹਨ। ਜਥੇਬੰਦੀ ਦੇ ਸਹਿ ਬਾਨੀ ਮੁੱਲ੍ਹਾ ਬਰਾਦਰ ਵੱਲੋਂ ਪਹਿਲਾਂ ਹੀ ਅਫ਼ਗਾਨ ਰਾਜਧਾਨੀ ਗੈਰ-ਤਾਲਿਬਾਨੀ ਆਗੂਆਂ ਨਾਲ ਸੰਵਾਦ ਦਾ ਅਮਲ ਜਾਰੀ ਹੈ। ਜਥੇਬੰਦੀ ਦੇ ਕਮਾਂਡਰਾਂ ਵੱਲੋਂ ਅਗਲੇ ਕੁਝ ਦਿਨਾਂ ਵਿੱਚ ਅਫ਼ਗਾਨਿਸਤਾਨ ਦੇ ਕੁੱਲ 34 ’ਚੋਂ 20 ਸੂਬਿਆਂ ਦੇ ਸਾਬਕਾ ਰਾਜਪਾਲਾਂ ਤੇ ਨੌਕਰਸ਼ਾਹਾਂ ਨਾਲ ਮੁਲਾਕਾਤ ਕੀਤੀ ਜਾਵੇਗੀ। ਤਾਲਿਬਾਨ ਅਧਿਕਾਰੀ ਨੇ ਕਿਹਾ ਇਨ੍ਹਾਂ ਮੀਟਿੰਗਾਂ ਦੌਰਾਨ ਉਨ੍ਹਾਂ ਦਾ ਸਹਿਯੋਗ ਮੰਗਿਆ ਜਾਵੇਗਾ। -ਰਾਇਟਰਜ਼