ਲੰਡਨ, 5 ਦਸੰਬਰ
ਬਰਤਾਨੀਆ ਨੇ ਦੇਸ਼ ਵਿਚ ਦਾਖ਼ਲ ਹੋਣ ਵਾਲੇ ਸਾਰੇ ਯਾਤਰੀਆਂ ਲਈ ਬਰਤਾਨੀਆ ਆਉਣ ਵਾਲੀਆਂ ਉਡਾਣਾਂ ਵਿਚ ਬੈਠਣ ਤੋਂ ਪਹਿਲਾਂ ਕੋਵਿਡ-19 ਦੀ ਜਾਂਚ ਲਈ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਵਾਇਰਸ ਦੇ ਓਮੀਕਰੋਨ ਸਰੂਪ ਦੇ ਪ੍ਰਸਾਰ ਦੇ ਡਰ ਵਿਚਾਲੇ ਨਾਇਜੀਰੀਆ ਦਾ ਨਾਮ ਯਾਤਰਾ ਪਾਬੰਦੀ ਵਾਲੀ ਲਾਲ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਹੈ। ਬਰਤਾਨੀਆ ਦੀ ਸਰਕਾਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਬਰਤਾਨਵੀ ਸਿਹਤ ਤੇ ਸੁਰੱਖਿਆ ਏਜੰਸੀ (ਯੂਕੇਐੱਚਐੱਸਏ) ਵੱਲੋਂ ਕੀਤੇ ਗਏ ਨਵੇਂ ਵਿਸ਼ਲੇਸ਼ਣ ਤੋਂ ਸੰਕੇਤ ਮਿਲਦਾ ਹੈ ਕਿ ਲਾਗ ਅਤੇ ਇਸ ਦੇ ਫੈਲਣ ਦੀ ਰਫ਼ਤਾਰ ਵਿਚਾਲੇ ਦਾ ਸਮਾਂ ਓਮੀਕਰੋਨ ਸਰੂਪ ਵਿਚ ਘੱਟ ਹੋ ਸਕਦਾ ਹੈ, ਜਿਸ ਕਰ ਕੇ ਯਾਤਰਾ ਲਈ ਚੱਲਣ ਤੋਂ ਪਹਿਲਾਂ ਦੀ ਜਾਂਚ ਦੀ ਪ੍ਰਭਾਵਸ਼ੀਲਤਾ ਵਧ ਜਾਂਦੀ ਹੈ। ਇਸ ਨਾਲ ਯਾਤਰਾ ਤੋਂ ਪਹਿਲਾਂ ਲਾਗ ਨਾਲ ਪੀੜਤ ਮਰੀਜ਼ਾਂ ਦੀ ਪਛਾਣ ਹੋਣ ਦੀ ਵਧੇਰੇ ਸੰਭਾਵਨਾ ਹੈ। ਇਸ ਵਾਸਤੇ ਮੰਗਲਵਾਰ ਸਵੇਰ ਤੋਂ ਬਰਤਾਨੀਆ ਵਿਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਪਹਿਲਾਂ ਤੋਂ ਬੁੱਕ ਪੋਲੀਮਰਜ਼ ਚੇਨ ਰਿਐਕਸ਼ਨ (ਪੀਸੀਆਰ) ਦੀ ਨੈਗੇਟਿਵ ਰਿਪੋਰਟ ਜਾਂ ਲੇਟਰਲ ਫਲੋਅ ਟੈਸਟ ਰਿਪੋਰਟ ਦੇਣੀ ਹੋਵੇਗੀ, ਜੋ ਚੱਲਣ ਤੋਂ ਪਹਿਲਾਂ 48 ਘੰਟੇ ਤੋਂ ਵੱਧ ਸਮਾਂ ਪੁਰਾਣੀ ਨਾ ਹੋਵੇ। ਇਹ ਹੁਕਮ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਅਤੇ 12 ਸਾਲ ਤੇ ਵੱਧ ਉਮਰ ਦੇ ਬੱਚਿਆਂ ’ਤੇ ਲਾਗੂ ਹੋਵੇਗਾ। ਬਰਤਾਨੀਆ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ, ‘‘ਸਾਨੂੰ ਪਤਾ ਸੀ ਕਿ ਇਹ ਸਰਦੀ ਚੁਣੌਤੀਪੂਰਨ ਹੋਵੇਗੀ ਪਰ ਇਕ ਨਵੇਂ ਸਰੂਪ ਦੇ ਆਉਣ ਦਾ ਮਤਲਬ ਹੈ ਕਿ ਸਾਨੂੰ ਆਪਣੇ ਬਚਾਅ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ। ਮੈਂ ਸਾਰਿਆਂ ਨੂੰ ਨਵੇਂ ਯਾਤਰਾ ਨੇਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਾ ਹਾਂ।’’ -ਪੀਟੀਆਈ