ਵਾਸ਼ਿੰਗਟਨ, 12 ਫਰਵਰੀ
ਅਮਰੀਕਾ ਨੇ ਮਿਆਂਮਾਰ ਵਿਚ ਫ਼ੌਜੀ ਰਾਜ ਪਲਟੇ ਲਈ ਜ਼ਿੰਮੇਵਾਰ 10 ਮੌਜੂਦਾ ਤੇ ਸਾਬਕਾ ਫ਼ੌਜੀ ਅਧਿਕਾਰੀਆਂ ਉਤੇ ਪਾਬੰਦੀਆਂ ਲਾ ਦਿੱਤੀਆਂ ਹਨ। ਇਸ ਤੋਂ ਇਲਾਵਾ ਤਿੰਨ ਹੋਰ ਇਕਾਈਆਂ ਉਤੇ ਵੀ ਪਾਬੰਦੀ ਲਾਈ ਗਈ ਹੈ। ਇਨ੍ਹਾਂ ਅਧਿਕਾਰੀਆਂ ਨੇ ਹੀ ਲੋਕਤੰਤਰਿਕ ਢੰਗ ਨਾਲ ਚੁਣੀ ਹੋਈ ਸਰਕਾਰ ਦਾ ਰਾਜ ਪਲਟਾਉਣ ਦੀ ਕਾਰਵਾਈ ਦੀ ਅਗਵਾਈ ਕੀਤੀ ਹੈ। ਛੇ ਜਣੇ ਤਾਂ ਸਿੱਧੇ ਢੰਗ ਨਾਲ ਜ਼ਿੰਮੇਵਾਰ ਹਨ ਜੋ ਕਿ ਕੌਮੀ ਰੱਖਿਆ ਤੇ ਸਲਾਮਤੀ ਕੌਂਸਲ ਦੇ ਮੈਂਬਰ ਹਨ।
ਚਾਰ ਹੋਰ ਅਧਿਕਾਰੀ ਉਹ ਹਨ ਜਿਨ੍ਹਾਂ ਨੂੰ ਕਈ ਮਹਿਕਮੇ ਸੌਂਪੇ ਗਏ ਸਨ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਪਾਬੰਦੀਆਂ ਬਰਮਾ ਦੇ ਲੋਕਾਂ ਜਾਂ ਆਰਥਿਕਤਾ ਨੂੰ ਪ੍ਰਭਾਵਿਤ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਪਾਬੰਦੀਆਂ ਪਹਿਲਾਂ ਤੋਂ ਹੀ ਦੁਖੀ ਮਿਆਂਮਾਰ ਦੇ ਲੋਕਾਂ ਦੇ ਦੁੱਖ ਵਿਚ ਹੋਰ ਵਾਧਾ ਨਹੀਂ ਕਰਨਗੀਆਂ। ਜ਼ਿਕਰਯੋਗ ਹੈ ਕਿ ਪਹਿਲੀ ਫਰਵਰੀ ਨੂੰ ਮਿਆਂਮਾਰ ਵਿਚ ਲੋਕਾਂ ਦੁਆਰਾ ਚੁਣੀ ਸਰਕਾਰ ਨੂੰ ਫ਼ੌਜ ਨੇ ਸੱਤਾ ਤੋਂ ਲਾਂਭੇ ਕਰ ਦਿੱਤਾ ਸੀ। -ਪੀਟੀਆਈ