ਵਾਸ਼ਿੰਗਟਨ, 25 ਜੁਲਾਈ
ਅਮਰੀਕਾ ਦੇ ਇਮੀਗਰੇਸ਼ਨ ਤੇ ਕਸਟਮ ਐਨਫੋਰਸਮੈਂਟ (ਆਈਸੀਈ) ਨੇ ਕਿਹਾ ਕਿ ਨਵੇਂ ਤੇ ਮੌਜੂਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਆਉਂਦੇ ਸਮੈਸਟਰ ਦੌਰਾਨ ਇੱਥੇ ਨਹੀਂ ਆਉਣ ਦਿੱਤਾ ਜਾਵੇਗਾ ਜੇਕਰ ਉਨ੍ਹਾਂ ਦੇ ਕੋਰਸ ਪੂਰੀ ਤਰ੍ਹਾਂ ਆਨਲਾਈਨ ਹੋਏ। ਸ਼ਿਨਹੂਆ ਖ਼ਬਰ ਏਜੰਸੀ ਦੀਆਂ ਰਿਪੋਰਟਾਂ ਅਨੁਸਾਰ ਆਈਸੀਈ ਨੇ ਬਿਆਨ ਜਾਰੀ ਕਰਦਿਆਂ ਕਿਹਾ, ‘9 ਮਾਰਚ 2020 ਤੋਂ ਬਾਅਦ ਉਹ ਨਵੇਂ ਤੇ ਮੌਜੂਦਾ ਐੱਫ ਤੇ ਐੱਮ ਵਿਦਿਆਰਥੀ ਆਉਂਦੇ ਸਮੈਸਟਰ ਦੌਰਾਨ ਅਮਰੀਕੀ ਸਕੂਲਾਂ ’ਚ ਗ਼ੈਰ-ਪਰਵਾਸੀ ਵਿਦਿਆਰਥੀਆਂ ਵਜੋਂ ਦਾਖਲ ਨਹੀਂ ਹੋ ਸਕਣਗੇ, ਜਿਨ੍ਹਾਂ ਦੇ ਪੜ੍ਹਾਈ ਦੇ ਕੋਰਸ ਸੌ ਫੀਸਦ ਆਨਲਾਈਨ ਹੋਣਗੇ।’ ਉਨ੍ਹਾਂ ਨਾਲ ਹੀ ਸਕੂਲਾਂ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਨਵੇਂ ਜਾਂ ਮੌਜੂਦਾ ਵਿਦਿਆਰਥੀਆਂ ਨੂੰ ਆਈ-20 (ਗ਼ੈਰ-ਪਰਵਾਸੀ ਵਿਦਿਆਰਥੀ ਸਥਿਤੀ ਲਈ ਯੋਗਤਾ ਫਾਰਮ) ਫਾਰਮ ਜਾਰੀ ਨਾ ਕਰਨ ਜੋ ਇਸ ਸਮੇਂ ਅਮਰੀਕਾ ਤੋਂ ਬਾਹਰ ਹਨ ਅਤੇ ਇੱਥੋਂ ਦੀਆਂ ਵਿਦਿਅਕ ਸੰਸਥਾਵਾਂ ’ਚ ਪੂਰੀ ਤਰ੍ਹਾਂ ਆਨਲਾਈਨ ਪੜ੍ਹਾਈ ਦੀ ਯੋਜਨਾ ਬਣਾ ਰਹੇ ਹਨ।
-ਪੀਟੀਆਈ