ਬਰੱਸਲਜ਼, 2 ਫਰਵਰੀ
ਰਾਸ਼ਟਰਪਤੀ ਜੋਅ ਬਾਇਡਨ ਇਸ ਹਫ਼ਤੇ ਫੋਰਟ ਬਰੈਗ, ਉੱਤਰੀ ਕੈਰੋਲੀਨਾ ਤੋਂ 2,000 ਹੋਰ ਫ਼ੌਜੀ ਪੋਲੈਂਡ ਤੇ ਜਰਮਨੀ ਭੇਜਣਗੇ ਜਦਕਿ ਜਰਮਨੀ ਦੇ ਲਗਪਗ ਇੱਕ ਹਜ਼ਾਰ ਫ਼ੌਜੀ ਰੋਮਾਨੀਆ ਭੇਜੇ ਜਾਣਗੇ। ਇਹ ਜਾਣਕਾਰੀ ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਦਿੱਤੀ। ਹਾਲਾਂਕਿ ਬਾਇਡਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਯੂਕਰੇਨ ਵਿੱਚ ਵਧ ਰਹੀ ਰੂਸ ਦੀ ਦਖ਼ਲਅੰਦਾਜ਼ੀ ਖ਼ਿਲਾਫ਼ ਅਮਰੀਕੀ ਫ਼ੌਜ ਨਹੀਂ ਤਾਇਨਾਤ ਕੀਤੀ ਜਾਵੇਗੀ ਜਦਕਿ ਅਮਰੀਕਾ ਵੱਲੋਂ ਯੂਕਰੇਨ ਨੂੰ ਇਸ ਦੀ ਰਾਖੀ ਲਈ ਹਥਿਆਰ ਸਪਲਾਈ ਕੀਤੇ ਜਾ ਰਹੇ ਹਨ। ਇਹ ਸਾਰਾ ਕੁਝ ਅਜਿਹੇ ਹਾਲਾਤ ’ਚ ਹੋ ਰਿਹਾ ਹੈ ਜਦੋਂ ਯੂਕਰੇਨ ਦੀ ਸਰਹੱਦ ’ਤੇ ਰੂਸ ਵੱਲੋਂ ਆਪਣੇ ਫ਼ੌਜੀ ਤਾਇਨਾਤ ਕਰਨ ਦੇ ਮੁੱਦੇ ’ਤੇ ਚਰਚਾ ਰੁਕੀ ਹੋਈ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਤੇ ਰੂਸ ’ਚ ਯੂਕਰੇਨ ਦੇ ਮਾਮਲੇ ’ਤੇ ਕਦੇ ਵੀ ਸਹਿਮਤੀ ਨਹੀਂ ਬਣੀ ਹੈ ਤੇ ਦੋਵਾਂ ’ਚ ਕੂਟਨੀਤਕ ਰਸਤੇ ਰਾਹੀਂ ਅੱਗੇ ਵਧਣ ਦੀ ਇੱਛਾਸ਼ਕਤੀ ਦੀ ਘਾਟ ਸਪੱਸ਼ਟ ਦਿਖਾਈ ਦਿੰਦੀ ਹੈ। -ਏਪੀ
ਰਾਸ਼ਟਰਪਤੀ ਜੇਲੰਸਕੀ ਤੇ ਜੌਹਨਸਨ ਵੱਲੋਂ ਸੁਰੱਖਿਆ ਮੁੱਦਿਆਂ ’ਤੇ ਚਰਚਾ
ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੰਸਕੀ ਤੇ ਬੌਰਿਸ ਜੌਹਨਸਨ ਨੇ ਇੱਥੇ ਮੁਲਾਕਾਤ ਕੀਤੀ ਤੇ ਸੁਰੱਖਿਆ ਮੁੱਦਿਆਂ ਤੇ ਖਾਸ ਕਰਕੇ ਯੂਕਰੇਨ ਦੀ ਸਰਹੱਦ ’ਤੇ ਰੂਸ ਦੇ ਫ਼ੌਜੀਆਂ ਦੀ ਤਾਇਨਾਤੀ ਬਾਰੇ ਗੱਲਬਾਤ ਕੀਤੀ। ਰਾਸ਼ਟਰਪਤੀ ਦੀ ਪ੍ਰੈੱਸ ਸਰਵਿਸ ਨੇ ਦੱਸਿਆ ਕਿ ਦੋਵਾਂ ਆਗੂਆਂ ਨੇ ਸਾਂਝੀ ਗੱਲਬਾਤ ਮਗਰੋਂ ਚਿਤਾਵਨੀ ਦਿੰਦਿਆਂ ਕਿਹਾ ਕਿ ਰੂਸ ਵੱਲੋਂ ਯੂਕਰੇਨ ਦੀ ਸਰਹੱਦ ’ਚ ਹੋਰ ਅੱਗੇ ਦਾਖ਼ਲ ਹੋਣ ਦੀ ਕੋਸ਼ਿਸ਼ ਇੱਕ ਭਾਰੀ ਰਣਨੀਤਕ ਗਲਤੀ ਹੋਵੇਗੀ ਜਿਸਦਾ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ। ਆਗੂਆਂ ਨੇ ਕਿਹਾ ਕਿ ਯੂਕਰੇਨ ਤੇ ਬਰਤਾਨੀਆਂ ਨੇ ਯੂਕਰੇਨ ਦੀ ਸੁਰੱਖਿਆ ਤੇ ਇਸ ਵੱਲੋਂ ਖ਼ੁਦ ਦੀ ਰਾਖੀ ਕਰਨ ਦੀ ਯੋਗਤਾ ਮਜ਼ਬੂਤ ਕਰਨ ਸਬੰਧੀ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਯੂਕਰੇਨ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਸਬੰਧੀ ਵੀ ਆਪਣੀ ਵਚਨਬੱਧਤਾ ਦੁਹਰਾਈ ਹੈ। ਸ੍ਰੀ ਜੇਲੈਂਸਕੀ ਨੇ ਕਿਹਾ ਕਿ ਬਰਤਾਨੀਆਂ ਵੱਲੋਂ ਸਾਂਝੇ ਬੁਨਿਆਦੀ ਢਾਂਚੇ ਅਤੇ ਊਰਜਾ ਪ੍ਰਾਜੈਕਟਾਂ ਲਈ 2 ਬਿਲੀਅਨ ਬ੍ਰਿਟਿਸ਼ ਪਾਊਂਡ ਦਿੱਤੇ ਜਾਣਗੇ। ਸ੍ਰੀ ਜੌਹਨਸਨ ਨੇ ਐਲਾਨ ਕੀਤਾ ਕਿ ਬਰਤਾਨੀਆ ਵੱਲੋਂ ਵੀ ਯੂਕਰੇਨ ਨੂੰ ਰੂਸ ਦੀ ਊਰਜਾ ਸਪਲਾਈ ’ਤੇ ਨਿਰਭਰਤਾ ਘਟਾਉਣ ਲਈ 88 ਮਿਲੀਅਨ ਪਾਊਂਡ ਦੀ ਮਦਦ ਦਿੱਤੀ ਜਾਵੇਗੀ। ਇਸ ਦੌਰਾਨ ਸਵੀਡਨ ਨੇ ਕਿਹਾ ਹੈ ਕਿ ਇਸ ਵੱਲੋਂ ਦੱਖਣੀ ਤੇ ਪੂਰਬੀ ਯੁਕਰੇਨ ਵਿੱਚ ਆਰਥਿਕ ਵਿਕਾਸ, ਦੁਵੱਲੀ ਗੱਲਬਾਤ ਤੇ ਸ਼ਾਂਤੀ ਸਥਾਪਤ ਕਰਨ ਲਈ ਯੁਕਰੇਨ ਨੂੰ 50 ਮਿਲੀਅਨ ਸਵੀਡਿਸ਼ ਕਰਾਊਨਜ਼ (5.4 ਮਿਲੀਅਨ ਡਾਲਰ) ਦਿੱਤੇ ਜਾਣਗੇ। -ਆਈਏਐੱਨਐੱਸ