ਵਾਸ਼ਿੰਗਟਨ, 1 ਮਾਰਚ
ਅਮਰੀਕਾ ਦੀ ਇਕ ਸੰਘੀ ਏਜੰਸੀ ਨੇ ਦੱਸਿਆ ਕਿ ਵਿੱਤੀ ਵਰ੍ਹੇ 2022 ਲਈ ਸੰਸਦ ਵੱਲੋਂ ਤੈਅ 65,000 ਐੱਚ-1ਬੀ ਵੀਜ਼ਾ ਸੀਮਾ ਤੱਕ ਪਹੁੰਚਣ ਲਈ ਅਮਰੀਕਾ ਨੂੰ ਲੋੜੀਂਦੀ ਮਾਤਰਾ ਵਿਚ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ।
ਐੱਚ-1ਬੀ ਵੀਜ਼ਾ ਇਕ ਗੈਰ-ਪਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਤਕਨਾਲੋਜੀ ਦੇ ਖੇਤਰ ਵਿਚ ਵਿਸ਼ੇਸ਼ਤਾ ਵਾਲੇ ਵਿਸ਼ੇਸ਼ ਕੰਮਾਂ ਲਈ ਵਿਦੇਸ਼ੀ ਕਰਮਚਾਰੀਆਂ ਨੂੰ ਤਾਇਨਾਤ ਕਰਨ ਦੀ ਇਜਾਜ਼ਤ ਦਿੰਦਾ ਹੈ। ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਦੀ ਨਿਯੁਕਤੀ ਲਈ ਇਸੇ ਵੀਜ਼ਾ ’ਤੇ ਨਿਰਭਰ ਰਹਿੰਦੀਆਂ ਹਨ। ਭਾਰਤ ਸਣੇ ਵਿਦੇਸ਼ੀ ਪੇਸ਼ੇਵਰਾਂ ਵਿਚ ਇਸ ਵਰਕ ਵੀਜ਼ਾ ਦੀ ਸਭ ਤੋਂ ਜ਼ਿਆਦਾ ਮੰਗ ਰਹਿੰਦੀ ਹੈ।
ਅਮਰੀਕੀ ਸੰਸਦ ਦੇ ਹੁਕਮਾਂ ਅਨੁਸਾਰ, ਅਮਰੀਕਾ ਹਰ ਸਾਲ ਜ਼ਿਆਦਾ ਤੋਂ ਜ਼ਿਆਦਾ 65000 ਐੱਚ-1ਬੀ ਵੀਜ਼ਾ ਅਤੇ ਅਮਰੀਕੀ ਐਡਵਾਂਸਡ ਡਿਗਰੀ ਛੋਟ ਸ਼੍ਰੇਣੀਆਂ ਤਹਿਤ 20,000 ਹੋਰ ਐੱਚ-1ਬੀ ਵੀਜ਼ਾ ਜਾਰੀ ਕਰ ਸਕਦਾ ਹੈ।
ਵੀਜ਼ਾ ਸਬੰਧੀ ਸਾਰੀਆਂ ਅਰਜ਼ੀਆਂ ਦੀ ਹਰ ਸਾਲ ਛਾਂਟੀ ਕਰਨ ਵਾਲੀ ਅਮਰੀਕੀ ਨਾਗਰਿਕਤਾ ਤੇ ਆਵਾਸ ਸੇਵਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਸ ਨੂੰ ਵਿੱਤੀ ਵਰ੍ਹੇ 2022 ਲਈ ਸੰਸਦ ਵੱਲੋਂ ਤੈਅ 65,000 ਦੀ ਐੱਚ-1ਬੀ ਨਿਯਮਤ ਸੀਮਾ ਅਤੇ ਅਮਰੀਕੀ ਐਡਵਾਂਸਡ ਡਿਗਰੀ ਛੋਟ ਤਹਿਤ 20,000 ਐੱਚ-1ਬੀ ਵੀਜ਼ਾ ਦੀ ਸੀਮਾ ਤੱਕ ਪਹੁੰਚਣ ਲਈ ਲੋੜੀਂਦੀ ਮਾਤਰਾ ਵਿਚ ਅਰਜ਼ੀਆਂ ਮਿਲ ਗਈਆਂ ਹਨ। ਉਸ ਨੇ ਦੱਸਿਆ ਕਿ ਰਜਿਸਟਰੇਸ਼ਨ ਕਰਵਾਉਣ ਵਾਲੇ ਜਿਨ੍ਹਾਂ ਬਿਨੈਕਾਰਾਂ ਦੀ ਚੋਣ ਨਹੀਂ ਕੀਤੀ ਗਈ ਹੈ ਉਨ੍ਹਾਂ ਨੂੰ ਉਨ੍ਹਾਂ ਦੇ ਆਨਲਾਈਨ ਖਾਤਿਆਂ ਰਾਹੀਂ ਇਸ ਸਬੰਧੀ ਸੂਚਨਾ ਦਿੱਤੀ ਜਾ ਚੁੱਕੀ ਹੈ। -ਪੀਟੀਆਈ