ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਅੱਜ ਦੇਸ਼ ਦੀ ਇਕ ਅਦਾਲਤ ਅੱਗੇ ਤਾਜ਼ਾ ਅਪੀਲ ’ਚ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਹਵਾਲਗੀ ਦਿੱਤੇ ਜਾਣ ਦੀ ਭਾਰਤ ਦੀ ਅਪੀਲ ਦਾ ਮੁੜ ਸਮਰਥਨ ਕੀਤਾ ਹੈ। ਜ਼ਿਕਰਯੋਗ ਹੈ ਕਿ ਰਾਣਾ ਕਥਿਤ ਤੌਰ ’ਤੇ 2008 ਵਿਚ ਮੁੰਬਈ ਵਿਚ ਹੋਏ ਹਮਲੇ ਕਰਵਾਉਣ ਵਾਲਿਆਂ ਵਿਚ ਸ਼ਾਮਲ ਸੀ। ਇਸ ਮਾਮਲੇ ਵਿਚ ਅਮਰੀਕੀ ਸਰਕਾਰ ਦੇ ਸਹਾਇਕ ਅਟਾਰਨੀ ਨੇ ਲਾਸ ਏਂਜਲਸ ਦੀ ਜ਼ਿਲ੍ਹਾ ਅਦਾਲਤ ਵਿਚ ਅੱਜ ਪੱਤਰ ਦੇ ਮਾਧਿਅਮ ਨਾਲ ਇਸ ਬਾਰੇ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਜੱਜ ਨੇ ਮਾਮਲੇ ਦੀ ਸੁਣਵਾਈ ਲਈ 24 ਜੂਨ ਦੀ ਤਰੀਕ ਤੈਅ ਕੀਤੀ ਹੈ। ਬਾਇਡਨ ਪ੍ਰਸ਼ਾਸਨ ਨੇ ਕਿਹਾ ਕਿ 59 ਸਾਲਾ ਰਾਣਾ ਦੀ ਭਾਰਤ ਵੱਲੋਂ ਮੰਗੀ ਗਈ ਹਵਾਲਗੀ ਦੋਵਾਂ ਮੁਲਕਾਂ ਦਰਮਿਆਨ ਹੋਈ ਹਵਾਲਗੀ ਸੰਧੀ ਮੁਤਾਬਕ ਹੀ ਹੈ। -ਪੀਟੀਆਈ