ਵਾਸ਼ਿੰਗਟਨ, 21 ਜੁਲਾਈ
ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਪੂਰਬੀ ਡੋਨਬਾਸ ਵਿੱਚ ਜੰਗ ਹੋਰ ਗੰਭੀਰ ਹੋਣ ਵਿਚਾਲੇ ਬੁੱਧਵਾਰ ਨੂੰ ਯੂਕਰੇਨ ਨੂੰ ਹੋਰ ਵਧੇਰੇ ਰਾਕੇਟ ਪ੍ਰਣਾਲੀਆਂ, ਗੋਲਾ ਬਾਰੂਦ ਤੇ ਹੋਰ ਫ਼ੌਜੀ ਸਹਾਇਤਾ ਦੇਣ ਦੀ ਵਚਨਬੱਧਤਾ ਦੁਹਰਾਈ। ਦੁਨੀਆਂ ਭਰ ਦੇ ਕਰੀਬ 50 ਰੱਖਿਆ ਆਗੂਆਂ ਨਾਲ ਵਰਚੁਅਲ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਅਮਰੀਕਾ ਦੇ ਰੱਖਿਆ ਸਕੱਤਰ ਲੌਇਡ ਆਸਟਿਨ ਨੇ ਕਿਹਾ ਕਿ ਸਹਿਯੋਗੀਆਂ ਅਤੇ ਸਾਂਝੇਦਾਰਾਂ ਨੂੰ ਜੰਗ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਲਈ ਵਚਨਬੱਧ ਰੱਖਣਾ ‘ਸਖ਼ਤ ਮਿਹਨਤ’ ਦਾ ਕੰਮ ਹੋਵੇਗਾ।
ਆਸਟਿਨ ਨੇ ਕਿਹਾ, ‘‘ਅਸੀਂ ਫ਼ੌਜੀ ਸਹਾਇਤਾ ਲਈ ਦਾਨ ਦੇਣ ਦੀ ਰਫ਼ਤਾਰ ਕਾਇਮ ਰੱਖਣ ਅਤੇ ਤੇਜ਼ ਕਰਨ ਲਈ ਸਖ਼ਤ ਕੋਸ਼ਿਸ਼ ਕਰ ਰਹੇ ਹਾਂ।’’ ਉਨ੍ਹਾਂ ਕਿਹਾ, ‘‘ਨੇੜਲੇ ਭਵਿੱਖ ਨੂੰ ਦੇਖਦੇ ਹੋਏ ਇਸ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਹਾਲਾਂਕਿ, ਇਹ ਇਸ ’ਤੇ ਨਿਰਭਰ ਹੋਵੇਗਾ ਕਿ ਸਾਡੇ ਸਹਿਯੋਗੀ ਅਤੇ ਸਾਂਝੇਦਾਰ ਕਦੋਂ ਤੱਕ ਵਚਨਬੱਧ ਰਹਿਣਗੇ….ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਯਕੀਨੀ ਬਣਾਉਣਾ ਹਮੇਸ਼ਾ ਮੁਸ਼ਕਿਲ ਕੰਮ ਹੋਵੇਗਾ ਕਿ ਅਸੀਂ ਕਦੋਂ ਤੱਕ ਇਕਜੁੱਟ ਰਹੀਏ।’’ ਫਿਲਹਾਲ, ਅਧਿਕਾਰੀਆਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਜੰਗ ਕਦੋਂ ਤੱਕ ਚੱਲ ਸਕਦੀ ਹੈ, ਪਰ ਫ਼ੌਜ ਦੇ ਜਨਰਲ ਮਾਰਕ ਮਿਲੇਅ ਨੇ ਸੰਕੇਤ ਦਿੱਤਾ ਹੈ ਕਿ ਇਹ ਲੰਬੇ ਸਮੇਂ ਤੱਕ ਚੱਲ ਸਕਦੀ ਹੈ। ਜੁਆਇੰਟ ਚੀਫ਼ਸ ਆਫ਼ ਸਟਾਫ ਦੇ ਚੇਅਰਮੈਨ ਜਨਰਲ ਮਿਲੇਅ ਨੇ ਕਿਹਾ, ‘‘ਡੋਨਬਾਸ ਵਿੱਚ ਬਹੁਤ ਗੰਭੀਰ ਜੰਗ ਚੱਲ ਰਹੀ ਹੈ। ਇਹ ਉਦੋਂ ਤੱਕ ਜਾਰੀ ਰਹਿ ਸਕਦੀ ਹੈ ਜਦੋਂ ਤੱਕ ਦੋਹਾਂ ਧਿਰਾਂ ਨੂੰ ਇਸ ’ਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਮਿਲ ਜਾਂਦਾ ਜੋ ਸ਼ਾਇਦ ਗੱਲਬਾਤ ਰਾਹੀਂ ਜਾਂ ਕਿਸੇ ਹੋਰ ਤਰੀਕੇ ਨਾਲ ਸੰਭਵ ਹੋ ਸਕਦਾ ਹੈ।’’ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਯੂਕਰੇਨ ਨੂੰ ਚਾਰ ਹੋਰ ‘ਹਾਈ ਮੋਬੀਲਿਟੀ ਆਰਟਲਰੀ ਰਾਕੇਟ ਸਿਸਟਮਜ਼’ (ਐੱਚਆਈਐੱਮਏਆਰਐੱਸ) ਤੇ ਸਟੀਕ ਨਿਸ਼ਾਨੇ ਵਾਲੇ ਰਾਕੇਟ ਦੇ ਨਾਲ ਹੀ ਵਾਧੂ ਤੋਪਾਂ ਭੇਜੇਗਾ। ਇਸ ਬਾਰੇ ਵਿਸਥਾਰ ਵਿੱਚ ਐਲਾਨ ਇਸ ਹਫ਼ਤੇ ਹੋ ਸਕਦਾ ਹੈ। -ਏਪੀ