ਸਿੰਗਾਪੁਰ, 1 ਜੂਨ
ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਅੱਜ ਸਿਖਰਲੇ ਸੁਰੱਖਿਆ ਅਧਿਕਾਰੀਆਂ ਦੇ ਇੱਕ ਸਮੂਹ ਨੂੰ ਕਿਹਾ ਕਿ ਏਸ਼ੀਆ-ਪ੍ਰਸ਼ਾਂਤ ’ਚ ਤੇਜ਼ੀ ਨਾਲ ਵਧਦੇ ਤਣਾਅ ਦੇ ਬਾਵਜੂਦ ਚੀਨ ਨਾਲ ਨੇੜ ਭਵਿੱਖ ’ਚ ਜੰਗ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਅਜਿਹਾ ਕੋਈ ਕਾਰਨ ਵੀ ਨਹੀਂ ਹੈ ਕਿ ਅਜਿਹੀ ਕਿਸੇ ਜੰਗ ਨੂੰ ਟਾਲਿਆ ਨਾ ਜਾ ਸਕੇ। ਉਨ੍ਹਾਂ ਨਾਲ ਹੀ ਗਲਤ ਅਨੁਮਾਨ ਤੇ ਗਲਤਫਹਿਮੀਆਂ ਤੋਂ ਬਚਣ ਲਈ ਆਪਣੇ ਤੇ ਚੀਨੀ ਹਮਰੁਤਬਾ ਵਿਚਾਲੇ ਨਵੇਂ ਸਿਰੇ ਤੋਂ ਵਾਰਤਾ ਦੇ ਮਹੱਤਵ ’ਤੇ ਜ਼ੋਰ ਦਿੱਤਾ। ਆਸਟਿਨ ਨੇ ਸਿੰਗਾਪੁਰ ’ਚ ਸ਼ੰਗਰੀ ਲਾ ਰੱਖਿਆ ਮੰਚ ਤੋਂ ਇਹ ਟਿੱਪਣੀਆਂ ਚੀਨ ਦੇ ਰੱਖਿਆ ਮੰਤਰੀ ਡੌਂਗ ਜੁਨ ਨਾਲ ਇੱਕ ਘੰਟੇ ਤੋਂ ਵੀ ਵੱਧ ਸਮਾਂ ਚੱਲੀ ਮੀਟਿੰਗ ਤੋਂ ਬਾਅਦ ਕੀਤੀਆਂ। ਸਾਲ 2022 ’ਚ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੀ ਤਤਕਾਲੀ ਸਪੀਕਰ ਨੈਨਸੀ ਪੈਲੋਸੀ ਦੀ ਤਾਇਵਾਨ ਯਾਤਰਾ ਮਗਰੋਂ ਅਮਰੀਕਾ ਤੇ ਚੀਨੀ ਸੈਨਾਵਾਂ ਵਿਚਾਲੇ ਸੰਪਰਕ ਖਤਮ ਹੋ ਗਿਆ ਸੀ। ਇਸ ਮਗਰੋਂ ਦੋਵੇਂ ਸਿਖਰਲੇ ਰੱਖਿਆ ਅਧਿਕਾਰੀਆਂ ਵਿਚਾਲੇ ਆਹਮੋ-ਸਾਹਮਣੇ ਪਹਿਲੀ ਮੀਟਿੰਗ ਹੈ। ਮੀਟਿੰਗ ਬਾਰੇ ਵੇਰਵੇ ਦੇਣ ਤੋਂ ਇਨਕਾਰ ਕਰਦਿਆਂ ਆਸਟਿਨ ਨੇ ਕਿਹਾ ਕਿ ਸਭ ਤੋਂ ਅਹਿਮ ਗੱਲ ਇਹ ਹੈ ਕਿ ਦੋਵੇਂ ਆਗੂ ਮੁੜ ਤੋਂ ਗੱਲਬਾਤ ਕਰ ਰਹੇ ਹਨ। ਆਸਟਿਨ ਨੇ ਕਿਹਾ, ‘ਚੀਨ ਨਾਲ ਜੰਗ ਜਾਂ ਲੜਾਈ ਦੀ ਨੇੜ ਭਵਿੱਖ ’ਚ ਕੋਈ ਸੰਭਾਵਨਾ ਨਹੀਂ ਹੈ।’ ਉਨ੍ਹਾਂ ਕਿਹਾ, ‘ਵੱਡੇ ਦੇਸ਼ਾਂ ਦੇ ਆਗੂਆਂ ਨੂੰ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ ਕਿ ਅਸੀਂ ਗਲਤ ਅਨੁਮਾਨਾਂ ਤੇ ਗਲਤਫਹਿਮੀਆਂ ਲਈ ਮੌਕੇ ਘਟਾਉਣ ਵਾਲੇ ਕੰਮ ਕਰੀਏ।’ ਉਨ੍ਹਾਂ ਕਿਹਾ, ‘ਹਰ ਗੱਲ ਖੁਸ਼ਨੁਮਾ ਗੱਲ ਨਹੀਂ ਹੁੰਦੀ ਪਰ ਅਹਿਮ ਇਹ ਹੈ ਕਿ ਅਸੀਂ ਇੱਕ-ਦੂਜੇ ਨਾਲ ਗੱਲਬਾਤ ਕਰਦੇ ਰਹੀਏ ਅਤੇ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਸਹਿਯੋਗੀਆਂ ਤੇ ਭਾਈਵਾਲਾਂ ਨਾਲ ਸਹਿਯੋਗ ਕਰਦੇ ਰਹੀਏ।’ ਫਿਲਪੀਨ ਨੇ ਰਾਸ਼ਟਰਪਤੀ ਫਰਦੀਨੈਂਡ ਮਾਰਕੋਸ ਜੂਨੀਅਰ ਨੇ ਇਸੇ ਮੰਚ ਤੋਂ ਕਿਹਾ ਕਿ ਜੇ ਚੀਨ ਦੇ ਉਨ੍ਹਾਂ ਦੇ ਮੁਲਕ ਦੇ ਤੱਟ ਰੱਖਿਅਕ ਬਲਾਂ ਨਾਲ ਟਰਕਾਅ ਦੌਰਾਨ ਇੱਕ ਵੀ ਫਿਲਪੀਨੀ ਨਾਗਰਿਕ ਮਾਰਿਆ ਜਾਂਦਾ ਹੈ ਤਾਂ ਇਸ ਨੂੰ ਜੰਗ ਦੇ ਬਰਾਬਰ ਕਾਰਵਾਈ ਮੰਨਿਆ ਜਾਵੇਗਾ ਅਤੇ ਉਹ ਉਸੇ ਅਨੁਸਾਰ ਜਵਾਬੀ ਕਾਰਵਾਈ ਕਰਨਗੇ। -ਪੀਟੀਆਈ