ਯਾਂਗੌਨ, 30 ਜੂਨ
ਪੱਛਮੀ ਮਿਆਂਮਾਰ ਵਿਚ ਸਰਕਾਰ ਅਤੇ ਨਸਲੀ ਬਾਗੀਆਂ ਵਿਚਾਲੇ ਟਕਰਾਅ ਦੌਰਾਨ ਪ੍ਰਸ਼ਾਸਨ ਵਲੋਂ ਪਿੰਡ ਖਾਲੀ ਕਰਨ ਦੇ ਦਿੱਤੇ ਹੁਕਮਾਂ ਕਾਰਨ ਪਿਛਲੇ ਇੱਕ ਹਫ਼ਤੇ ਵਿਚ ਹਜ਼ਾਰਾਂ ਲੋਕ ਆਪਣੇ ਘਰ ਛੱਡ ਗਏ ਹਨ। ਰਖਾਈਨ ਦੀ ਸੂਬਾ ਸਰਕਾਰ ਵਲੋਂ ਪਿਛਲੇ ਮੰਗਲਵਾਰ ਰਾਠੇਡੌਂਗ ਇਲਾਕੇ ਵਿੱਚ ਪਿੰਡਾਂ ਦੇ ਮੁਖੀਆਂ ਨੂੰ ਆਦੇਸ਼ ਦਿੱਤੇ ਗਏ ਸਨ ਕਿ ਲੋਕਾਂ ਨੂੰ ਆਪਣੇ ਘਰਾਂ ਤੋਂ ਦੂਰ ਰਹਿਣ ਲਈ ਆਖਿਆ ਜਾਵੇ ਕਿਉਂਕਿ ਫੌਜ ਵਲੋਂ ਬਾਗੀਆਂ ਦੇ ‘ਸਫ਼ਾਏ ਲਈ ਕਾਰਵਾਈ’ ਕੀਤੇ ਜਾਣ ਦੀ ਯੋਜਨਾ ਹੈ। ਭਾਵੇਂ ਕਿ ਰਖਾਈਨ ਦੇ ਸੁਰੱਖਿਆ ਅਤੇ ਸਰੱਹਦੀ ਮਾਮਲਿਆਂ ਬਾਰੇ ਮੰਤਰੀ ਨੇ ਪਿਛਲੇ ਸ਼ੁੱਕਰਵਾਰ ਨੂੰ ਇਹ ਆਦੇਸ਼ ਵਾਪਸ ਲੈ ਲਏ ਸਨ ਪਰ ਲਗਭਗ ਹਫ਼ਤੇ ਬਾਅਦ ਵੀ 40 ਪਿੰਡਾਂ ਦੇ ਲੋਕਾਂ ਵਲੋਂ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾਣਾ ਜਾਰੀ ਹੈ। -ਏਪੀ