ਨਿਊ ਯਾਰਕ, 5 ਅਕਤੂਬਰ
ਤੱਥ ਜਾਂਚਣ ਵਾਲੀ ਵੈੱਬਸਾਈਟ ‘ਆਲਟਨਿਊਜ਼’ ਦੇ ਸੰਸਥਾਪਕ ਪ੍ਰਤੀਕ ਸਿਨਹਾ ਤੇ ਮੁਹੰਮਦ ਜ਼ੁਬੈਰ ਅਤੇ ਭਾਰਤੀ ਲੇਖਕ ਹਰਸ਼ ਮੰਦਰ ਨੋਬੇਲ ਸ਼ਾਂਤੀ ਪੁਰਸਕਾਰ ਜਿੱਤਣ ਦੀ ਦੌੜ ’ਚ ਮੋਹਰੀ ਹਨ। ਸਨਮਾਨ ਦੇ ਐਲਾਨ ਤੋਂ ਪਹਿਲਾਂ ਸ਼ਾਰਟਲਿਸਟ ਉਮੀਦਵਾਰਾਂ ਦੇ ਨਾਂ ਦੱਸੇ ਗਏ ਹਨ।
ਪੁਰਸਕਾਰ ਦਾ ਐਲਾਨ 7 ਅਕਤੂਬਰ ਨੂੰ ਨਾਰਵੇ ਵਿਚ ਹੋਵੇਗਾ। ਐਲਾਨ ਤੋਂ ਪਹਿਲਾਂ ਆਮ ਤੌਰ ’ਤੇ ਪਸੰਦੀਦਾ ਸੰਗਠਨਾਂ ਜਾਂ ਵਿਅਕਤੀਆਂ ਦੀਆਂ ਸਨਮਾਨ ਜਿੱਤਣ ਸੰਭਾਵਨਾਵਾਂ ਬਾਰੇ ਦੱਸਿਆ ਜਾਂਦਾ ਹੈ। ‘ਟਾਈਮ’ ਮੈਗਜ਼ੀਨ ਦੀ ਇਕ ਰਿਪੋਰਟ ਵਿਚ ਪੱਤਰਕਾਰ ਸਿਨਹਾ ਤੇ ਜ਼ੁਬੈਰ ਨੂੰ ਪੁਰਸਕਾਰ ਜਿੱਤਣ ਦੀ ਦੌੜ ਵਿਚ ਮੋਹਰੀ ਦੱਸਿਆ ਗਿਆ ਹੈ ਜੋ ਕਿ ਭਾਰਤ ਵਿਚ ਝੂਠੀਆਂ ਜਾਣਕਾਰੀਆਂ ਦਾ ਪਰਦਾਫਾਸ਼ ਕਰ ਰਹੇ ਹਨ। ਟਾਈਮ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਦੋਵੇਂ ਬੜੇ ਤਰੀਕੇ ਨਾਲ ਸੋਸ਼ਲ ਮੀਡੀਆ ’ਤੇ ਅਫ਼ਵਾਹਾਂ ਤੇ ਝੂਠੀਆਂ ਖ਼ਬਰਾਂ ਦਾ ਪਰਦਾਫਾਸ਼ ਕਰ ਰਹੇ ਹਨ ਜੋ ਕਿ ਨਫ਼ਰਤ ਫੈਲਾਉਣ ਵਾਲੀਆਂ ਹੁੰਦੀਆਂ ਹਨ।
ਜ਼ਿਕਰਯੋਗ ਹੈ ਕਿ ਜ਼ੁਬੈਰ ਨੂੰ ਦਿੱਲੀ ਪੁਲੀਸ ਨੇ 27 ਜੂਨ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਸੀ। ਰਸਾਲੇ ਨੇ ਰਿਪੋਰਟ ਵਿਚ ਕਿਹਾ ਹੈ ਕਿ ਜ਼ੁਬੈਰ ਦੀ ਗ੍ਰਿਫ਼ਤਾਰੀ ਦੀ ਦੁਨੀਆ ਭਰ ਦੇ ਪੱਤਰਕਾਰਾਂ ਨੇ ਆਲੋਚਨਾ ਕੀਤੀ ਸੀ। ਸੂਚੀ ਵਿਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦਾ ਨਾਂ ਵੀ ਹੈ। ਇਸ ਤੋਂ ਇਲਾਵਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਵਿਰੋਧੀ ਅਲੈਕਸੀ ਨਵਾਲਨੀ ਤੇ ਵਾਤਾਵਰਨ ਕਾਰਕੁਨ ਗਰੇਟਾ ਥਨਬਰਗ ਵੀ ਸੰਭਾਵੀ ਜੇਤੂਆਂ ਵਿਚ ਸ਼ਾਮਲ ਹਨ। ਦੱਸਣਯੋਗ ਹੈ ਕਿ ਹਰਸ਼ ਮੰਦਰ ਨੇ 2017 ਵਿਚ ਮੁਹਿੰਮ ‘ਕਾਰਵਾਂ-ਏ-ਮੁਹੱਬਤ’ ਲਾਂਚ ਕੀਤੀ ਸੀ। ਮੰਦਰ ਧਾਰਮਿਕ ਸਹਿਣਸ਼ੀਲਤਾ ਤੇ ਸੰਵਾਦ ਦੇ ਮਹੱਤਵ ਬਾਰੇ ਵੀ ਆਵਾਜ਼ ਉਠਾਉਂਦੇ ਰਹੇ ਹਨ। -ਪੀਟੀਆਈ