ਲੰਡਨ: ਪੂਰਬੀ ਇੰਗਲੈਂਡ ਦੇ ਲੈਸਟਰ ਸ਼ਹਿਰ ’ਚ ਇੱਕ ਮਹਿਲਾ ਨੂੰ ਅਗਵਾ ਕਰਨ ਨਾਲ ਸਬੰਧਤ ਕੇਸ ਵਿੱਚ ਭਾਰਤੀ ਮੂਲ ਦੇ ਤਿੰਨ ਨਾਗਰਿਕਾਂ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀਆਂ ਨੇ ਮਹਿਲਾ ਨੂੰ ਜਬਰੀ ਆਪਣੀ ਕਾਰ ਵਿੱਚ ਬਿਠਾਇਆ ਤੇ ਉਸ ਨੂੰ 24 ਕਿਲੋਮੀਟਰ ਤੋਂ ਵੱਧ ਦੂਰ ਤੱਕ ਲੈ ਗਏ। ਲੈਸਟਰ ਪੁਲੀਸ ਅਨੁਸਾਰ ਅਜੈ ਦੋਪਲਾਪੁਡੀ (27), ਵਾਹਰ ਮਾਂਚਲਾ (24) ਅਤੇ ਰਾਣਾ ਯੇਲਾਮਬਾਈ (30) ਨੇ ਪਿਛਲੇ ਸਾਲ 15 ਜਨਵਰੀ ਨੂੰ ਦੇਰ ਰਾਤ ਲੈਸਟਰ ਸ਼ਹਿਰ ਦੇ ਬਾਹਰ ਘੁੰਮਣ ਨਿਕਲੀ ਮਹਿਲਾ ਨੂੰ ਅਗਵਾ ਕੀਤਾ। ਪੁਲੀਸ ਅਨੁਸਾਰ ਮਹਿਲਾ ਉਨ੍ਹਾਂ ਦੀ ਕਾਰ ਨੂੰ ਟੈਕਸੀ ਸਮਝ ਕੇ ਉਸ ਵਿੱਚ ਸਵਾਰ ਹੋਈ ਸੀ। ਪਿਛਲੇ ਹਫ਼ਤੇ ਸਜ਼ਾ ਦੇ ਸਬੰਧ ਵਿੱਚ ਸੁਣਵਾਈ ਮਗਰੋਂ ਲੈਸਟਰ ਪੁਲੀਸ ਦੀ ਜਾਂਚ ਅਧਿਕਾਰੀ ਜੈਮਾ ਫੌਕਸ ਨੇ ਕਿਹਾ, ‘ਬੇਸ਼ੱਕ ਇਸ ਮਾਮਲੇ ’ਚ ਸ਼ਾਮਲ ਤਿੰਨੇ ਵਿਅਕਤੀ ਦਰਿੰਦੇ ਹਨ। ਘਟਨਾ ਤੋਂ ਬਾਅਦ ਦੀ ਸੀਸੀਟੀਵੀ ਫੁਟੇਜ ਦੀ ਜਾਂਚ ’ਚ ਗੱਡੀ ਦੀ ਪਛਾਣ ਹੋਈ ਜੋ ਲੀਸੈਸਟਰ ਦੇ ਵੈਸਟਕੋਟਸ ਇਲਾਕੇ ’ਚ ਰਹਿਣ ਵਾਲੇ ਵਿਅਕਤੀ ਦੇ ਨਾਂ ’ਤੇ ਰਜਿਸਟਰਡ ਸੀ। -ਪੀਟੀਆਈ