ਕਾਬੁਲ, 26 ਫਰਵਰੀ
ਪੱਛਮੀ ਅਫ਼ਗਾਨਿਸਤਾਨ ’ਚ ਹਥਿਆਰਬੰਦ ਹਮਲਾਵਰਾਂ ਨੇ ਇੱਕ ਪੱਤਰਕਾਰ ਦੇ ਪਰਿਵਾਰ ਦੇ ਤਿੰਨ ਜੀਆਂ ਦੀ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਤਰਕਾਰ ਦੀ ਪਹਿਲਾਂ ਹੀ ਹੱਤਿਆ ਹੋ ਚੁੱਕੀ ਹੈ। ਜ਼ਿਕਰਯੋਗ ਹੈ ਦਹਿਸ਼ਤਗਰਦਾਂ ਵੱਲੋਂ ਦੇਸ਼ ਵਿੱਚ ਪੱਤਰਕਾਰਾਂ ਤੇ ਕਲਾਕਾਰਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਘੋਰ ਸੂਬੇ ਦੇ ਕੌਂਸਲ ਮੈਂਬਰ ਹਮੀਦਉਲ੍ਹਾ ਮੁਤਾਹਿਦ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਕੀਤੇ ਗਏ ਇਸ ਹਮਲੇ ਵਿੱਚ 5 ਹੋਰ ਜ਼ਖ਼ਮੀ ਵੀ ਹੋਏ ਹਨ। ਉਨ੍ਹਾਂ ਦੱਸਿਆ ਕਿ ਹਥਿਆਰਬੰਦ ਹਮਲਾਵਰ ਅਫ਼ਗਾਨ ਪੱਤਰਕਾਰ ਅਤੇ ਕਾਰਕੁਨ ਬਿਸਮਿੱਲ੍ਹਾ ਆਦਿਲ ਐਮਾਕ, ਜਿਸ ਦੀ ਘੋਰ ਨੇੜੇ ਇਸ ਸਾਲ ਪਹਿਲੀ ਜਨਵਰੀ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਦੇ ਪਰਿਵਾਰ ਦੇ ਘਰ ’ਚ ਤੇਜ਼ੀ ਨਾਲ ਦਾਖ਼ਲ ਹੋਏ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਤਾਲਿਬਾਨ ਦੇ ਤਰਜਮਾਨ ਜ਼ਬੀਹਉੱਲ੍ਹਾ ਮੁਜਾਹਿਦ ਨੇ ਇਸ ਹਮਲੇ ਪਿੱਛੇ ਉਨ੍ਹਾਂ ਦੇੇ ਗੁੱਟ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। -ਏਪੀ