ਵਾਸਿੰਗਟਨ, 24 ਮਈ
ਵਾਲ ਸਟਰੀਟ ਜਰਨਲ ਨੈ ਆਪਣੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਨਵੰਬਰ 2019 ਵਿਚ ਚੀਨ ਵੱਲੋਂ ਕਰੋਨਾਵਾਇਰਸ ਦੀ ਲਾਗ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੇ ਜਾਣ ਤੋਂ ਇਕ ਮਹੀਨਾ ਪਹਿਲਾਂ ਵੁਹਾਨ ਸਥਿਤ ਇੰਸਟੀਚਿਊਟ ਆਫ਼ ਵੀਰੋਲੋਜੀ ਦੇ ਤਿੰਨ ਖੋਜਾਰਥੀਆਂ ਨੈ ਬਿਮਾਰ ਹੋਣ ਮਗਰੋਂ ਇਲਾਜ ਲਈ ਮਦਦ ਮੰਗੀ ਸੀ। ਰਿਪੋਰਟ ਵਿਚ ਵਾਇਰਸ ਦੀ ਮਾਰ ਹੇਠ ਆਉਣ ਵਾਲੇ ਖੋਜਾਰਥੀਆਂ ਦੀ ਗਿਣਤੀ, ਬਿਮਾਰ ਹੋਣ ਦੇ ਸਮੇਂ ਤੇ ਉਨ੍ਹਾਂ ਵੱਲੋਂ ਹਸਪਤਾਲ ਦੇ ਮਾਰੇ ਚੱਕਰਾਂ ਬਾਰੇ ਦੀ ਤਫ਼ਸੀਲ ਦਿੱਤੀ ਗਈ ਹੈ। ਉਂਜ ਇਹ ਰਿਪੋਰਟ ਅਜਿਹੇ ਮੌਕੇ ਸਾਹਮਣੇ ਆਈ ਹੈ, ਜਦੋ. ਆਲਮੀ ਸਿਹਤ ਸੰਸਥਾ ਦੀ ਫੈਸਲੇ ਲੈਣ ਵਾਲੀ ਸਿਖਰਲੀ ਕਮੇਟੀ ਦੀ ਕੋਵਿਡ-19 ਦੀ ਉਤਪਤੀ ਦੀ ਜਾਂਚ ਦੇ ਅਗਲੇ ਗੇੜ ਲਈ ਭਲਕੇ ਮੀਟਿੰਗ ਹੋਣੀ ਹੈ। –ਰਾਇਟਰਜ਼