ਟੋਰਾਂਟੋ, 23 ਅਕਤੂਬਰ
ਕੈਨੇਡਾ ਵਿੱਚ ਟੋਰਾਂਟੋ ਦੇ ਟਾਪੂ ਹਵਾਈ ਅੱਡੇ ਤੋਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਅਤੇ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਨਿਕਲਣ ਦੇ ਹੁਕਮ ਦਿੱਤੇ ਗਏ। ਪੁਲੀਸ ਨੇ ਹਵਾਈ ਅੱਡੇ ਦੇ ਨੇੜੇ ਕਿਸ਼ਤੀ ਟਰਮੀਨਲ ਤੋਂ ਇੱਕ ਸੰਭਾਵਿਤ ਧਮਾਕਾਖੇਜ਼ ਯੰਤਰ ਮਿਲਣ ਦੀ ਸੂਚਨਾ ਦਿੱਤੀ ਸੀ ਜਿਸ ਮਗਰੋਂ ਸੁਰੱਖਿਆ ਕਰਮੀਆਂ ਨੇ ਇਹ ਹੁਕਮ ਦਿੱਤੇ। ਪੁਲੀਸ ਨੇ ਕਿਹਾ ਕਿ ਦੋ ਜਣਿਆਂ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਹ ਜਾਂਚ ਵਿੱਚ ਸਹਿਯੋਗ ਦੇ ਰਹੇ ਹਨ। ਪੁਲੀਸ ਮੁਤਾਬਕ ਬਿੱਲੀ ਬਿਸ਼ਪ ਹਵਾਈ ਅੱਡੇ ਦੇ ਮੁੱਖ ਫੈਰੀ ਟਰਮੀਨਲ ’ਤੇ ਸ਼ਨਿਚਰਵਾਰ ਸ਼ਾਮ 4 ਵਜੇ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਇੱਕ ਸ਼ੱਕੀ ਪੈਕੇਜ ਦੀ ਜਾਂਚ ਲਈ ਬੁਲਾਇਆ ਗਿਆ। ਟੋਰਾਂਟੋ ਪੁਲੀਸ ਨੇ ਇੱਕ ਟਵੀਟ ਵਿੱਚ ਦੱਸਿਆ, ‘‘ਅਸੀਂ ਇੱਕ ਸੰਭਾਵਿਤ ਧਮਾਕਾਖੇਜ਼ ਉਪਕਰਨ ਨਾਲ ਨਜਿੱਠ ਰਹੇ ਹਾਂ।’’ ਫੈਰੀ ਟਰਮੀਨਲ ਦੇ ਨੇੜੇ ਦੋ ਇਮਾਰਤਾਂ ਨੂੰ ਵੀ ਖਾਲੀ ਕਰਵਾਇਆ ਗਿਆ ਹੈ ਜਦਕਿ ਤੀਜੀ ਨੂੰ ਅੰਸ਼ਿਕ ਤੌਰ ’ਤੇ ਖਾਲੀ ਕਰਵਾਇਆ ਗਿਆ। ਬਿੱਲੀ ਬਿਸ਼ਪ ਹਵਾਈ ਅੱਡੇ ਵੱਲੋਂ ਦੱਸਿਆ ਗਿਆ ਕਿ ਰਨਵੇਅ ਬੰਦ ਕਰ ਦਿੱਤੇ ਗਏ ਅਤੇ ਏਅਰ ਕੈਨੇਡਾ ਦੀਆਂ ਦੋ ਉਡਾਣਾਂ ਦਾ ਰੂਟ ਬਦਲਦਿਆਂ ਉਨ੍ਹਾਂ ਨੂੰ ਹੈਮਿਲਟਨ ਤੇ ਓਂਟਾਰੀਓ ਵੱਲ ਮੋੜਿਆ ਗਿਆ ਹੈ। ਇਸੇ ਦੌਰਾਨ ਕਈ ਘੰਟੇ ਟਰਮੀਨਲ ਵਿੱਚ ਫਸੇ ਰਹੇ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ‘ਵਾਟਰ ਟੈਕਸੀਆਂ’ ਰਾਹੀਂ ਕੱਢਿਆ ਜਾ ਰਿਹਾ ਹੈ। -ਏਪੀ