ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 19 ਅਕਤੂਬਰ
ਕੈਨੇਡਾ ਦੇ ਪ੍ਰਧਾਨ ਮੰਤਰੀ ਕੈਮਲੂਪ ਪਹੁੰਚੇ, ਜਿਥੇ ਉਨ੍ਹਾਂ ਮੂਲ ਵਾਲੀਆਂ ਦੇ ਸਮਾਗਮ ਵਿਚ ਸ਼ਾਮਲ ਹੋ ਕੇ ਉਨ੍ਹਾਂ ਨਾਲ ਦਰਦ ਵੰਡਾਇਆ। ਉਨ੍ਹਾਂ 30 ਸਤੰਬਰ ਨੂੰ ਮੂਲ ਵਾਸੀਆਂ ਵਲੋਂ ਦਿੱਤੇ ਸੱਦੇ ਨੂੰ ਅਣਗੌਲਿਆ ਕਰਨ ਲਈ ਮੁਆਫ਼ੀ ਮੰਗੀ ਤੇ ਅੱਗੇ ਤੋਂ ਇਹੋ ਜਿਹੀ ਭੁੱਲ ਨਾ ਹੋਣ ਦਾ ਭਰੋਸਾ ਦਿਵਾਇਆ। ਕੈਮਲੂਪ ਉਹੀ ਸ਼ਹਿਰ ਹੈ, ਜਿਥੇ ਇਸੇ ਸਾਲ ਮਈ ਮਹੀਨੇ ਖੁਦਾਈ ਦੌਰਾਨ 215 ਬੱਚਿਆਂ ਦੇ ਪਿੰਜਰ ਮਿਲੇ ਸਨ। ਇਹ ਬੱਚੇ ਪਿਛਲੀ ਸਦੀ ਦੌਰਾਨ ਕੈਨੇਡਾ ਵਿਚ ਮਿਸ਼ਨਰੀਆਂ ਵੱਲੋਂ ਚਲਾਏ ਜਾਂਦੇ ਰਿਹਾਇਸ਼ੀ ਸਕੂਲਾਂ ਵਿਚ ਜਬਰੀ ਦਾਖਲ ਕੀਤੇ ਜਾਂਦੇ ਸਨ। ਇਨ੍ਹਾਂ ਬੱਚਿਆਂ ਨਾਲ ਕੀਤੇ ਗਏ ਕਥਿਤ ਅਣਮਨੁੱਖੀ ਵਿਹਾਰ ਕਾਰਨ ਹੋਈਆਂ ਮੌਤਾਂ ਵੀ ਦਰਜ ਨਹੀਂ ਸੀ ਕੀਤੀਆਂ ਜਾਂਦੀਆਂ।
ਜਸਟਿਨ ਟਰੂਡੋ ਨੇ ਮੂਲ ਵਾਸੀਆਂ ਦੀ ਆਗੂ ਰੌਸਨੀ ਕੈਸੀਮੀਰ ਤੇ ਕਈ ਹੋਰਾਂ ਨਾਲ ਗਲੇ ਮਿਲ ਕੇ ਅਤੇ ਬੱਚਿਆਂ ਦੇ ਪਿੰਜਰ ਮਿਲਣ ਵਾਲੀ ਥਾਂ ’ਤੇ ਸਿਜਦਾ ਕਰਕੇ ਭਾਵੁਕਤਾ ਭਰਿਆ ਮਾਹੌਲ ਸਿਰਜ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੱਦੇ ਨੂੰ ਅਣਗੌਲਿਆ ਕੀਤੇ ਜਾਣ ਵਰਗੀ ਗਲਤੀ ਫਿਰ ਕਦੇ ਨਾ ਹੋਣ ਦਾ ਉਹ ਭਰੋਸਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੂਲ ਵਾਸੀਆਂ ਦੀ ਬਦੌਲਤ ਹੀ ਕੈਨੇਡਾ ਮਜ਼ਬੂਤ ਸਥਿਤੀ ਵਿਚ ਆ ਕੇ ਦੁਨੀਆ ਦੇ ਨਕਸ਼ੇ ’ਤੇ ਆਪਣਾ ਨਾਮ ਦਰਜ ਕਰ ਸਕਿਆ ਹੈ। ਜਸਟਿਨ ਟਰੂਡੋ ਕਰੀਬ ਢਾਈ ਘੰਟੇ ਕੈਮਲੂਪ ਰਹੇ ਤੇ ਸਾਰੇ ਮੂਲ ਵਾਸੀਆਂ ਦੇ ਗਲ ਲੱਗ ਕੇ ਉਨ੍ਹਾਂ ਨਾਲ ਦੁੱਖ ਵੰਡਾਇਆ।