ਵਾਸ਼ਿੰਗਟਨ, 13 ਅਕਤੂਬਰ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਡੈਮੋਕਰੈਟਿਕ ਪਾਰਟੀ ਦੇ ਊਮੀਦਵਾਰ ਜੋਅ ਬਾਇਡਨ ਨੇ ਵੱਖ ਵੱਖ ਥਾਵਾਂ ’ਤੇ ਚੋਣ ਪ੍ਰਚਾਰ ਦੌਰਾਨ ਇਕ-ਦੂਜੇ ’ਤੇ ਦੋਸ਼ਾਂ ਦੀ ਝੜੀ ਲਗਾ ਦਿੱਤੀ। ਕਰੋਨਾਵਾਇਰਸ ਤੋਂ ਠੀਕ ਹੋਣ ਮਗਰੋਂ ਫਲੋਰਿਡਾ ’ਚ ਪਹਿਲੀ ਵਾਰ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਬਾਇਡਨ ਨੇ ਡੈਮੋਕਰੈਟਿਕ ਪਾਰਟੀ ਦਾ ਊਮੀਦਵਾਰ ਬਣਨ ਲਈ ਸਮਾਜਵਾਦੀ, ਮਾਰਕਸਵਾਦੀ ਅਤੇ ਖੱਬੇ ਪੱਖੀ ਕੱਟੜਵਾਦੀਆਂ ਨੂੰ ਪਾਰਟੀ ਦੀ ਕਮਾਨ ਸੌਂਪ ਦਿੱਤੀ ਹੈ।
ਊਨ੍ਹਾਂ ਕਿਹਾ,‘‘ਇਹ ਮੁਲਕ ਦੇ ਇਤਿਹਾਸ ਦੀ ਸਭ ਤੋਂ ਅਹਿਮ ਚੋਣ ਹੈ ਅਤੇ ਸਾਨੂੰ ਜਿੱਤਣਾ ਪਵੇਗਾ।’’ ਊਨ੍ਹਾਂ ਕਿਹਾ ਕਿ ਜੇਕਰ ਬਾਇਡਨ ਚੋਣ ਜਿੱਤੇ ਤਾਂ ਖੱਬੇ ਪੱਖੀ ਕੱਟੜਪੰਥੀ ਮੁਲਕ ਚਲਾਊਣਗੇ। ਊਨ੍ਹਾਂ ਦੋਸ਼ ਲਾਇਆ ਕਿ ਡੈਮੋਕਰੈਟਿਕ ਪਾਰਟੀ ਦੇ ਸਮਾਜਵਾਦੀ ਨੌਕਰੀਆਂ, ਪੁਲੀਸ ਵਿਭਾਗ ਅਤੇ ਸਰਹੱਦਾਂ ਨੂੰ ਖ਼ਤਮ ਕਰ ਦੇਣਗੇ। ਜ਼ਿਕਰਯੋਗ ਹੈ ਕਿ ਵ੍ਹਾਈਟ ਹਾਊਸ ਦੇ ਡਾਕਟਰ ਸੀਨ ਕੌਨਲੀ ਨੇ ਦੱਸਿਆ ਹੈ ਕਿ ਟਰੰਪ ਦੀ ਮੁੜ ਕਰੋਨਾ ਜਾਂਚ ’ਚ ਊਹ ਨੈਗੇਟਿਵ ਆਏ ਹਨ ਅਤੇ ਊਨ੍ਹਾਂ ਤੋਂ ਹੁਣ ਕਿਸੇ ਨੂੰ ਲਾਗ ਲੱਗਣ ਦਾ ਕੋਈ ਖ਼ਤਰਾ ਨਹੀਂ ਹੈ। ਊਧਰ ਓਹਾਇਓ ਦੇ ਸਿਨਸਿਨਾਟੀ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬਾਇਡਨ ਨੇ ਮੁਲਕ ਨੂੰ ਵੰਡਣ ਲਈ ਡੋਨਲਡ ਟਰੰਪ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਅਮਰੀਕਾ ’ਚ ਦੋਵੇਂ ਵੱਡੀਆਂ ਪਾਰਟੀਆਂ (ਰਿਪਬਲਿਕਨ ਅਤੇ ਡੈਮੋਕਰੈਟਿਕ) ਵਿਚਕਾਰ ਸਹਿਯੋਗ ਦੀ ਭਾਵਨਾ ਮੁੜ ਤੋਂ ਪੈਦਾ ਕੀਤੇ ਜਾਣ ਦੀ ਸੰਭਾਵਨਾ ਹੈ। ਊਨ੍ਹਾਂ ਕਿਹਾ ਕਿ ਅਮਰੀਕਾ ਨੂੰ ਅਜਿਹੀ ਅਗਵਾਈ ਦੀ ਲੋੜ ਹੈ ਜੋ ਤਣਾਅ ਘੱਟ ਕਰ ਸਕੇ ਅਤੇ ਵਾਰਤਾ ਦੇ ਰਾਹ ਖੋਲ੍ਹੇ।
ਊਨ੍ਹਾਂ ਕਿਹਾ ਕਿ ਟਰੰਪ ਦੀਆਂ ਨੀਤੀਆਂ ਕਾਰਨ ਕੋਵਿਡ-19 ਕਰਕੇ 2,14,000 ਤੋਂ ਵੱਧ ਅਮਰੀਕੀਆਂ ਦੀ ਜਾਨ ਚਲੀ ਗਈ ਹੈ। -ਪੀਟੀਆਈ