ਵਾਸ਼ਿੰਗਟਨ, 28 ਸਤੰਬਰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਲ 2016 ਤੇ 2017 ਦੌਰਾਨ ਸੰਘੀ ਆਮਦਨ ਕਰ ਵਜੋਂ ਮਹਿਜ਼ 750 ਡਾਲਰ ਦੀ ਅਦਾਇਗੀ ਕੀਤੀ ਹੈ। ਟਰੰਪ ਸਾਲ 2016 ਵਿੱਚ ਅਮਰੀਕੀ ਰਾਸ਼ਟਰਪਤੀ ਵਜੋਂ ਚੁਣੇ ਗਏ ਸਨ ਜਦੋਂਕਿ ਸਾਲ 2017 ਰਾਸ਼ਟਰਪਤੀ ਵਜੋਂ ਉਨ੍ਹਾਂ ਦਾ ਵ੍ਹਾਈਟ ਹਾਊਸ ਵਿੱਚ ਪਹਿਲਾ ਸਾਲ ਸੀ। ਨਿਊ ਯਾਰਕ ਟਾਈਮਜ਼ ਨੇ ਆਪਣੀ ਇਕ ਰਿਪੋਰਟ ’ਚ ਇਹ ਦਾਅਵਾ ਕੀਤਾ ਹੈ। ਆਪਣੀ ਆਮਦਨ ਕਰ ਅਦਾਇਗੀ ਨੂੰ ਗੁਪਤ ਰੱਖਣ ਵਾਲੇ ਟਰੰਪ ਆਧੁਨਿਕ ਸਮਿਆਂ ਦੇ ਇਕੋ ਇਕ ਰਾਸ਼ਟਰਪਤੀ ਹਨ, ਜੋ ਇਸ ਜਾਣਕਾਰੀ ਨੂੰ ਜਨਤਕ ਨਹੀਂ ਕਰਦੇ। ਰੋਜ਼ਨਾਮਚੇ ਦੀ ਖ਼ਬਰ ਮੁਤਾਬਕ ਬੀਤੇ 15 ਸਾਲਾਂ ਵਿੱਚੋਂ ਦਸ ਸਾਲ ਟਰੰਪ ਨੇ ਕੋਈ ਸੰਘੀ ਆਮਦਨ ਕਰ ਅਦਾ ਨਹੀਂ ਕੀਤਾ। ਉਧਰ ਵ੍ਹਾਈਟ ਹਾਊਸ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਇਸ ਖ਼ਬਰ ਨੂੰ ‘ਫੇਕ ਨਿਊਜ਼’ ਦੱਸ ਕੇ ਖਾਰਜ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਊਹ ਸਮੇਂ ਸਿਰ ਟੈਕਸਾਂ ਦੀ ਅਦਾਇਗੀ ਕਰਦਾ ਹੈ, ਹਾਲਾਂਕਿ ਉਨ੍ਹਾਂ ਬਹੁਤੀ ਤਫ਼ਸੀਲ ਦੇਣ ਤੋਂ ਨਾਂਹ ਕਰ ਦਿੱਤੀ। -ਪੀਟੀਆਈ