ਵਾਸ਼ਿੰਗਟਨ, 20 ਨਵੰਬਰ
ਅਸਰਦਾਰ ਭਾਰਤੀ ਅਮਰੀਕੀ ਸਿੱਖ ਆਗੂ ਗੁਰਿੰਦਰ ਸਿੰਘ ਖਾਲਸਾ (46) ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਨੂੰ ਪਹਿਲਾਂ ਨਾਲੋਂ ਕਿਤੇ ਵਧੇਰੇ ਵੰਡ ਕੇ ਰੱਖ ਦਿੱਤਾ ਹੈ ਅਤੇ ਊਨ੍ਹਾਂ ਦੇ ਕਾਰਜਕਾਲ ਦੌਰਾਨ ਮੁਲਕ ਦੇ ਰੁਤਬੇ ਨੂੰ ਕੌਮਾਂਤਰੀ ਪੱਧਰ ’ਤੇ ਇੰਨੀ ਢਾਹ ਲੱਗੀ ਹੈ ਕਿ ਊਸ ਨੂੰ ਸੁਧਾਰਨ ’ਚ ਕਈ ਵਰ੍ਹੇ ਲੱਗ ਜਾਣਗੇ। ਇੰਡੀਆਨਾ ਆਧਾਰਿਤ ਖਾਲਸਾ ਨੇ ਖ਼ਬਰ ਏਜੰਸੀ ਨਾਲ ਇੰਟਰਵਿਊ ’ਚ ਕਿਹਾ,‘‘ਡੈਮੋਕਰੈਟ ਜਾਂ ਰਿਪਬਲਿਕਨ ਹੋਣ ਪਰ ਲੋਕਤੰਤਰ ਕੰਮ ਕਰ ਰਿਹਾ ਹੈ। ਲੋਕ ਊਤਸ਼ਾਹਿਤ ਹਨ ਅਤੇ ਇਸ ਬਾਰੇ ਗੱਲ ਕਰਨਾ ਚਾਹੁੰਦੇ ਹਨ। ਚੋਣਾਂ ਦੇ ਇਤਿਹਾਸਕ ਨਤੀਜੇ ਦਰਸਾਊਂਦੇ ਹਨ ਕਿ ਦੋਵੇਂ ਪਾਸਿਆਂ ਦੇ ਲੋਕ ਹਾਲਾਤ ਨੂੰ ਬਦਲਣ ਦੇ ਪੱਖ ’ਚ ਹਨ।’’ ਖਾਲਸਾ ਨੇ ਕਿਹਾ ਕਿ ਊਨ੍ਹਾਂ ਪਿਛਲੇ 25 ਸਾਲਾਂ ’ਚ ਅਮਰੀਕੀ ਸਮਾਜ ਦਾ ਇੰਨਾ ਨਿਘਾਰ ਨਹੀਂ ਦੇਖਿਆ ਹੈ। ਦਸਤਾਰ ਬਾਰੇ ਟਰਾਂਸਪੋਰਟੇਸ਼ਨ ਸੁਰੱਖਿਆ ਪ੍ਰਸ਼ਾਸਨ ਦੀ ਨੀਤੀ ’ਚ ਬਦਲਾਅ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਵਾਸਤੇ ਊਨ੍ਹਾਂ ਨੂੰ ‘ਰੋਜ਼ਾ ਪਾਰਕਸ ਟਰੇਲਬਲੇਜ਼ਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਿਪਬਲਿਕਨ ਪਾਰਟੀ ਦਾ ਮੈਂਬਰ ਹੋਣ ਦੇ ਬਾਵਜੂਦ ਖਾਲਸਾ ਨੇ 2016 ਅਤੇ ਮੌਜੂਦਾ ਵਰ੍ਹੇ ਹੋਈਆਂ ਰਾਸ਼ਟਰਪਤੀ ਚੋਣਾਂ ’ਚ ਟਰੰਪ ਨੂੰ ਵੋਟ ਨਹੀਂ ਪਾਈ ਸੀ। ਊਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਅਗਵਾਈ ਕਰਨ ਦੇ ਯੋਗ ਨਹੀਂ ਹਨ। -ਪੀਟੀਆਈ