ਵਾਸ਼ਿੰਗਟਨ, 1 ਜਨਵਰੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਲਈ ਭਾਰਤੀ ਆਈਟੀ ਮਾਹਿਰਾਂ ਵਿੱਚ ਪ੍ਰਚੱਲਿਤ ਐੱਚ-1ਬੀ ਵੀਜ਼ਾ ਸਣੇ ਕਈ ਤਰ੍ਹਾਂ ਦੇ ਹੋਰ ਵਿਦੇਸ਼ੀ ਵਰਕ ਵੀਜ਼ਿਆਂ ਅਤੇ ਗਰੀਨ ਕਾਰਡਾਂ ’ਤੇ ਪਾਬੰਦੀ 31 ਮਾਰਚ ਤੱਕ ਵਧਾ ਦਿੱਤੀ ਹੈ। ਟਰੰਪ ਦਾ ਕਹਿਣਾ ਹੈ ਕਿ ਮਹਾਮਾਰੀ ਦੌਰਾਨ ਲਾਈ ਗਈ ਇਸ ਪਾਬੰਦੀ ਦੇ ਕਾਰਨ ਨਹੀਂ ਬਦਲੇ ਹਨ।
ਦੱਸਣਯੋਗ ਹੈ ਕਿ ਪਿਛਲੇ ਵਰ੍ਹੇ 22 ਅਪਰੈਲ ਅਤੇ 22 ਜੂਨ ਨੂੰ ਦੋ ਆਦੇਸ਼ਾਂ ਰਾਹੀਂ ਟਰੰਪ ਵਲੋਂ ਵਰਕ ਵੀਜ਼ਿਆਂ ਦੀਆਂ ਕਈ ਸ਼੍ਰੇਣੀਆਂ ’ਤੇ ਪਾਬੰਦੀ ਲਾਈ ਗਈ ਸੀ। 31 ਦਸੰਬਰ ਤੱਕ ਲਾਈ ਗਈ ਇਹ ਪਾਬੰਦੀ ਖ਼ਤਮ ਹੋਣ ਤੋਂ ਕੁਝ ਹੀ ਘੰਟੇ ਪਹਿਲਾਂ ਟਰੰਪ ਨੇ ਵੀਰਵਾਰ ਨੂੰ ਇੱਕ ਹੋਰ ਆਦੇਸ਼ ’ਤੇ ਦਸਤਖ਼ਤ ਕਰਕੇ ਇਹ ਪਾਬੰਦੀ 31 ਮਾਰਚ ਤੱਕ ਵਧਾ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪਾਬੰਦੀ ਲਾਏ ਜਾਣ ਦੇ ਕਾਰਨ ਨਹੀਂ ਬਦਲੇ ਹਨ।
ਰਿਪਬਲਿਕਨ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਵਿੱਚ ਕੇਵਲ 20 ਦਿਨ ਬਾਕੀ ਰਹਿ ਗਏ ਹਨ ਅਤੇ ਪਾਬੰਦੀਆਂ ਜਾਰੀ ਰੱਖਣ ਦੇ ਆਦੇਸ਼ ਦੇ ਕੇ ਉਨ੍ਹਾਂ ਵਲੋਂ ਅਮਰੀਕਾ ਵਿੱਚ ਪਰਵਾਸੀਆਂ ਦਾ ਦਾਖ਼ਲਾ ਰੋਕਣ ਲਈ ਕੀਤਾ ਤਾਜ਼ਾ ਹੱਲਾ ਹੈ। ਇਸੇ ਦੌਰਾਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਨੇ ਵਾਅਦਾ ਕੀਤਾ ਹੈ ਕਿ ਉਹ ਐੱਚ1-ਬੀ ਵੀਜ਼ਿਆਂ ਤੋਂ ਪਾਬੰਦੀਆਂ ਹਟਾਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਦੀਆਂ ਪਰਵਾਸ ਬਾਰੇ ਨੀਤੀਆਂ ਬੇਰਹਿਮ ਹਨ। -ਪੀਟੀਆਈ