ਵਾਸ਼ਿੰਗਟਨ, 7 ਜਨਵਰੀ
ਕੁਰਸੀ ਛੱਡ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਜ਼ਾਰਾਂ ਸਮਰਥਕ ਕੈਪੀਟਲ ਕੰਪਲੈਕਸ ਵਿਚ ਦਾਖਲ ਹੋਏ ਅਤੇ ਉਨ੍ਹਾਂ ਦੀ ਪੁਲੀਸ ਨਾਲ ਝੜਪ ਹੋ ਗਈ, ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਹਮਲੇ ਦੌਰਾਨ ਟਰੰਪ ਸਮਰਥਕ ਸੰਸਦ ਹਾਲ ਵਿੱਚ ਦਾਖਲ ਹੋ ਗਏ। ਇਸ ਦੌਰਾਨ ਹਾਲ ਵਿੱਚ ਮੌਜੂਦ ਸੰਸਦ ਮੈਂਬਰ,ਸਟਾਫ ਤੇ ਹੋਰ ਅਮਲਾ ਮੇਜ਼ਾਂ ਹੇਠ ਲੁਕ ਗਿਆ। ਇਸ ਹੱਲੇ ਕਾਰਨ ਜੋਅ ਬਾਇਡਨ ਦੇ ਨਵੇਂ ਰਾਸ਼ਟਰਪਤੀ ਦੇ ਨਾਮ ਤੇ ਮੋਹਰ ਲਗਾਉਣ ਦੀ ਸੰਵਿਧਾਨਕ ਪ੍ਰਕਿਰਿਆ ਵਿੱਚ ਵਿਘਨ ਪਿਆ। ਕਾਂਗਰਸ ਦੇ ਮੈਂਬਰ ਬੁੱਧਵਾਰ ਨੂੰ ‘ਇਲੈਕਟੋਰਲ ਕਾਲਜ ਵੋਟ’ ਦੀ ਗਿਣਤੀ ਕਰ ਰਹੇ ਸਨ, ਜਿਸ ਦੌਰਾਨ ਟਰੰਪ ਦੇ ਵੱਡੀ ਗਿਣਤੀ ’ਚ ਸਮਰਥਕਾਂ ਨੇ ਸੁਰੱਖਿਆ ਪ੍ਰਬੰਧਾਂ ਨੂੰ ਤੋੜ ਕੇ ਕੈਪੀਟਲ ਕੈਂਪਸ ’ਤੇ ਹਮਲਾ ਬੋਲਿਆ। ਪੁਲੀਸ ਨੂੰ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਸਖਤ ਸੰਘਰਸ਼ ਕਰਨਾ ਪਿਆ। ਇਸ ਸਥਿਤੀ ਵਿੱਚ ਪ੍ਰਤੀਨਿਧ ਸਦਨ, ਸੈਨੇਟ ਅਤੇ ਪੂਰਾ ਕੈਪੀਟਲ ਬੰਦ ਹੋ ਗਿਆ।
ਉਪ-ਰਾਸ਼ਟਰਪਤੀ ਮਾਈਕ ਪੈਂਸ ਅਤੇ ਸੰਸਦ ਮੈਂਬਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ। ਹੱਲੇ ਦੌਰਾਨ ਪੁਲੀਸ ਗੋਲੀ ਨਾਲ ਇਕ ਔਰਤ ਦੀ ਮੌਤ ਹੋ ਗਈ ਤੇ ਕਈ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋਏ ਹਨ। ਵਾਸ਼ਿੰਗਟਨ ਡੀ ਸੀ ਦੇ ਪੁਲੀਸ ਮੁਖੀ ਰਾਬਰਟ ਕੌਂਟੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੁਆਰਾ ਕੈਪੀਟਲ ਕੈਂਪਸ ਵਿੱਚ ਕੀਤੇ ਦੰਗਿਆਂ ਨੂੰ ਸ਼ਰਮਨਾਕ ਦੱਸਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਤਿੰਨ ਹੋਰ ਲੋਕਾਂ ਦੀ ਵੀ ਮੌਤ ਹੋ ਗਈ। ਹਾਲਾਤ ਵਿਗੜਦੇ ਦੇਖ ਕੇ ਦੇਸ਼ ਦੀ ਰਾਜਧਾਨੀ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਪਰ ਲੋਕ ਇਸ ਦੀ ਉਲੰਘਣਾ ਕਰਕੇ ਸੜਕਾਂ ’ਤੇ ਹਨ।